ਖੰਨਾ, 22 ਜੁਲਾਈ: ਖੰਨਾ ਦੇ ਰੂਪ ਨਗਰ ਇਲਾਕੇ ਵਿੱਚ 14 ਜੁਲਾਈ ਦੀ ਅੱਧੀ ਰਾਤ ਵਪਾਰੀ ਰਜਨੀਸ਼ ਮੋਦੀ ਦੇ ਘਰ ਹੋਏ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਾਰਦਾਤ ਲੁੱਟ ਜਾਂ ਚੋਰੀ ਦੀ ਨੀਅਤ ਨਾਲ ਨਹੀਂ, ਸਗੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੈਦਾ ਹੋਈ ਰੰਜਿਸ਼ ਕਾਰਨ ਅੰਜਾਮ ਦਿੱਤੀ ਗਈ ਸੀ।
ਐਸਪੀ (ਇਨਵੈਸਟੀਗੇਸ਼ਨ) ਪਵਨਜੀਤ ਚੌਧਰੀ ਨੇ ਦੱਸਿਆ ਕਿ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਬਣਾਈਆਂ ਗਈਆਂ ਪੁਲਿਸ ਟੀਮਾਂ ਨੇ ਕਰੀਬ 150 ਕਿਲੋਮੀਟਰ ਦੇ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਸਨ।
ਪੁਲਿਸ ਨੇ ਮਾਮਲੇ ਵਿੱਚ ਸ਼ਾਮਲ ਪੰਜ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿੱਚੋਂ ਹਰਸਿਮਰਨਜੋਤ ਸਿੰਘ ਚੀਮਾ ਵਾਸੀ ਮੁੱਲਾਂਪੁਰ ਖੇੜੀ ਅਤੇ ਦਲਜੀਤ ਸਿੰਘ ਉਰਫ਼ ਨਿੰਦਾ ਵਾਸੀ ਭੱਲਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਅਤੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਅਨੁਸਾਰ ਵਾਰਦਾਤ ਦੌਰਾਨ ਘਰ ਵਿੱਚੋਂ ਕੋਈ ਨਕਦੀ ਜਾਂ ਹੋਰ ਕੀਮਤੀ ਸਾਮਾਨ ਨਹੀਂ ਲੁੱਟਿਆ ਗਿਆ। ਹਾਲਾਂਕਿ ਵਪਾਰੀ ਦੇ ਪੁੱਤਰ ਦੇ ਗਲੇ ਵਿੱਚੋਂ ਚਾਂਦੀ ਦੀ ਚੇਨ ਖੋਹੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੀ ਬਰਾਮਦਗੀ ਲਈ ਕਾਰਵਾਈ ਜਾਰੀ ਹੈ।
ਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ, ਲੁੱਟ-ਖੋਹ ਅਤੇ ਕੁੱਟਮਾਰ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।












Leave a Reply