BREAKING PUNJAB

Fastest Punjab & National News in Punjabi and Hindi

ਡਾ. ਨਵਦੀਪ ਜੱਸਲ ਨੂੰ ਮਿਲੇਗਾ ‘ਸ਼ਹਿਰ ਦਾ ਫਰਿਸ਼ਤਾ ਐਵਾਰਡ’, ਨਿਸ਼ਕਾਮ ਸੇਵਾਵਾਂ ਲਈ ਹੋਣਗੇ ਸਨਮਾਨਿਤ

Award to dr navdeep jassal of khanna

ਖੰਨਾ, ਸਰਕਾਰੀ ਹਸਪਤਾਲ ਖੰਨਾ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਨਵਦੀਪ ਜੱਸਲ ਨੂੰ ਮਰੀਜ਼ਾਂ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ, ਸੰਵੇਦਨਸ਼ੀਲ ਵਿਵਹਾਰ ਅਤੇ ਬੇਮਿਸਾਲ ਸਿਹਤ ਸੇਵਾਵਾਂ ਲਈ ‘ਸ਼ਹਿਰ ਦਾ ਫਰਿਸ਼ਤਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਫੈਸਲਾ ਖੰਨਾ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ।


ਡਾ. ਨਵਦੀਪ ਜੱਸਲ ਨੂੰ ਖੰਨਾ ਵਿੱਚ ਅਜਿਹੇ ਡਾਕਟਰ ਵਜੋਂ ਜਾਣਿਆ ਜਾਂਦਾ ਹੈ ਜੋ ਆਪਣੀ ਡਿਊਟੀ ਨੂੰ ਸਿਰਫ਼ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਮੰਨਦੇ ਹਨ। ਐਮਰਜੈਂਸੀ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਉਹ ਪੂਰੀ ਤਨਦੇਹੀ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨਾਲ ਇਲਾਜ ਮੁਹੱਈਆ ਕਰਵਾਉਂਦੇ ਹਨ। ਕਈ ਮੌਕਿਆਂ ‘ਤੇ ਉਨ੍ਹਾਂ ਦੀ ਤੁਰੰਤ ਕਾਰਵਾਈ ਅਤੇ ਸੂਝ-ਬੂਝ ਨਾਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਜਾਨ ਵੀ ਬਚੀ ਹੈ।


ਸਮਾਜਸੇਵੀ ਨਿਰਮਲ ਸਿੰਘ ਨਿੰਮਾ ਅਤੇ ਰਾਹੁਲ ਗਰਗ ਨੇ ਦੱਸਿਆ ਕਿ ਹਾਲ ਹੀ ਵਿੱਚ ਉਹ ਇੱਕ ਬਹੁਤ ਹੀ ਲੋੜਵੰਦ ਮਰੀਜ਼ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ, ਜਿਸ ਦੀ ਲੱਤ ਵਿੱਚ ਗੰਭੀਰ ਇਨਫੈਕਸ਼ਨ ਸੀ ਅਤੇ ਹਾਲਤ ਕਾਫ਼ੀ ਨਾਜ਼ੁਕ ਹੋ ਚੁੱਕੀ ਸੀ। ਡਾ. ਜੱਸਲ ਨੇ ਬਿਨਾਂ ਕਿਸੇ ਦੇਰੀ ਦੇ ਇਲਾਜ ਸ਼ੁਰੂ ਕਰਵਾਇਆ ਅਤੇ ਖੁਦ ਮਰੀਜ਼ ਦੀ ਦੇਖਭਾਲ ਕਰਦੇ ਹੋਏ ਉਸ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ।


ਉਨ੍ਹਾਂ ਕਿਹਾ ਕਿ ਡਾ. ਜੱਸਲ ਦਾ ਮਰੀਜ਼ਾਂ ਨਾਲ ਪਿਆਰ ਭਰਿਆ ਵਿਵਹਾਰ ਅਤੇ ਹਰ ਲੋੜਵੰਦ ਨੂੰ ਇੱਕੋ ਜਿਹੀ ਤਰਜੀਹ ਦੇਣ ਵਾਲਾ ਰਵੱਈਆ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਅਜਿਹੇ ਡਾਕਟਰ ਮੌਜੂਦ ਹਨ ਜੋ ਮਨੁੱਖਤਾ ਦੀ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਫਰਜ਼ ਮੰਨਦੇ ਹਨ। ਉਨ੍ਹਾਂ ਦੀ ਦੇਖਭਾਲ ਹੇਠ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਦੇ ਨਾਲ-ਨਾਲ ਸਤਿਕਾਰ ਅਤੇ ਹਮਦਰਦੀ ਵੀ ਮਿਲਦੀ ਹੈ।


ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਡਾ. ਨਵਦੀਪ ਜੱਸਲ ਦੀ ਨਿਸ਼ਕਾਮ ਸੇਵਾ ਅਤੇ ਸਮਰਪਣ ਨੂੰ ਸਨਮਾਨ ਦੇਣ ਲਈ ਉਨ੍ਹਾਂ ਨੂੰ ‘ਸ਼ਹਿਰ ਦਾ ਫਰਿਸ਼ਤਾ ਐਵਾਰਡ’ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਡਾਕਟਰਾਂ ਦਾ ਸਨਮਾਨ ਨਾ ਸਿਰਫ਼ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੈ, ਸਗੋਂ ਹੋਰਾਂ ਲਈ ਵੀ ਪ੍ਰੇਰਣਾ ਬਣਦਾ ਹੈ ਕਿ ਡਾਕਟਰੀ ਪੇਸ਼ੇ ਦੀ ਅਸਲ ਪਹਿਚਾਣ ਸੇਵਾ ਅਤੇ ਮਨੁੱਖਤਾ ਹੈ।

Leave a Reply

Your email address will not be published. Required fields are marked *