ਖੰਨਾ: ਸਿਹਤ ਸੇਵਾਵਾਂ ਨੂੰ ਸਮਰਪਿਤ ਡਾਕਟਰਾਂ ਦਾ ਸਨਮਾਨ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਸਿਵਲ ਹਸਪਤਾਲ ਖੰਨਾ ਦੇ ਸਰਜਨ ਡਾ. ਇੰਦਰਪ੍ਰੀਤ ਸਿੰਘ ਅਤੇ ਬਲੱਡ ਬੈਂਕ ਇੰਚਾਰਜ ਡਾ. ਕਰਨਪ੍ਰੀਤ ਕੌਰ ਨੂੰ ‘ਬੈਸਟ ਡਾਕਟਰ ਦੰਪਤੀ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਹ ਸਨਮਾਨ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸਿਹਤ ਸੇਵਾਵਾਂ, ਨਿਸ਼ਕਾਮ ਸਮਰਪਣ ਅਤੇ ਮਨੁੱਖਤਾ ਦੀ ਸੇਵਾ ਲਈ ਦਿੱਤਾ ਜਾ ਰਿਹਾ ਹੈ।
ਡਾ. ਇੰਦਰਪ੍ਰੀਤ ਸਿੰਘ ਸਿਵਲ ਹਸਪਤਾਲ ਖੰਨਾ ਵਿੱਚ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੀ ਮਿਹਨਤ, ਤਜਰਬੇ ਅਤੇ ਹੁਨਰ ਦੇ ਸਦਕਾ ਇੱਕ ਕਾਬਲ ਸਰਜਨ ਵਜੋਂ ਵਿਸ਼ੇਸ਼ ਪਛਾਣ ਬਣਾਈ ਹੈ। ਖ਼ਾਸ ਕਰਕੇ ਲੈਪਰੋਸਕੋਪਿਕ (ਦੂਰਬੀਨ ਰਾਹੀਂ) ਸਰਜਰੀ ਵਿੱਚ ਉਨ੍ਹਾਂ ਦੀ ਮੁਹਾਰਤ ਕਾਰਨ ਹਜ਼ਾਰਾਂ ਮਰੀਜ਼ਾਂ ਦਾ ਸਫਲ ਇਲਾਜ ਹੋ ਚੁੱਕਾ ਹੈ। ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਮਿਲਣ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ ਅਤੇ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਧਰਮਪਤਨੀ ਡਾ. ਕਰਨਪ੍ਰੀਤ ਕੌਰ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਖੂਨਦਾਨ ਕੈਂਪਾਂ ਦਾ ਆਯੋਜਨ, ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਐਮਰਜੈਂਸੀ ਸਮੇਂ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਕਈ ਲੋੜਵੰਦ ਮਰੀਜ਼ਾਂ ਦੀ ਸਮੇਂ ਸਿਰ ਜਾਨ ਬਚਾਉਣ ਵਿੱਚ ਸਫਲਤਾ ਮਿਲੀ ਹੈ।
ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਡਾਕਟਰ ਦੰਪਤੀ ਸਿਰਫ਼ ਆਪਣੀ ਡਿਊਟੀ ਹੀ ਨਹੀਂ ਨਿਭਾ ਰਿਹਾ, ਸਗੋਂ ਮਨੁੱਖਤਾ ਦੀ ਸੇਵਾ ਨੂੰ ਆਪਣਾ ਮਿਸ਼ਨ ਬਣਾ ਕੇ ਕੰਮ ਕਰ ਰਿਹਾ ਹੈ। ਇੱਕ ਪਾਸੇ ਡਾ. ਇੰਦਰਪ੍ਰੀਤ ਸਿੰਘ ਆਪਣੀ ਸਰਜਰੀ ਦੀ ਕਾਬਲੀਅਤ ਨਾਲ ਹਜ਼ਾਰਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ, ਜਦਕਿ ਦੂਜੇ ਪਾਸੇ ਡਾ. ਕਰਨਪ੍ਰੀਤ ਕੌਰ ਖੂਨਦਾਨ ਦੀ ਲਹਿਰ ਨੂੰ ਮਜ਼ਬੂਤ ਕਰਕੇ ਅਨੇਕਾਂ ਜ਼ਿੰਦਗੀਆਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਡਾ. ਇੰਦਰਪ੍ਰੀਤ ਸਿੰਘ ਅਤੇ ਡਾ. ਕਰਨਪ੍ਰੀਤ ਕੌਰ ਆਪਣੀ ਇਮਾਨਦਾਰੀ, ਨਿਮਰਤਾ ਅਤੇ ਸੇਵਾ ਭਾਵਨਾ ਨਾਲ ਸਮਾਜ ਲਈ ਪ੍ਰੇਰਣਾ ਬਣੇ ਹੋਏ ਹਨ। ‘ਬੈਸਟ ਡਾਕਟਰ ਦੰਪਤੀ ਐਵਾਰਡ’ ਉਨ੍ਹਾਂ ਦੀ ਨਿਸ਼ਕਾਮ ਸੇਵਾ, ਸਮਰਪਣ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਦਾ ਸਨਮਾਨ ਹੈ, ਜਿਸ ‘ਤੇ ਸਮੁੱਚੇ ਖੰਨਾ ਸ਼ਹਿਰ ਨੂੰ ਮਾਣ ਹੈ।












Leave a Reply