300 ਤੋਂ ਵੱਧ ਬਵਾਸੀਰ ਦੇ ਮੁਫ਼ਤ ਅਪਰੇਸ਼ਨ ਕੀਤੇ, ਦੂਰਬੀਨ ਤਕਨੀਕ ਰਾਹੀਂ ਵੀ ਮਰੀਜ਼ਾਂ ਨੂੰ ਮਿਲ ਰਹੀਆਂ ਆਧੁਨਿਕ ਇਲਾਜ ਸਹੂਲਤਾਂ
ਗੁਰਦੀਪ ਸਿੰਘ – ਧਰਮਿੰਦਰ ਸਿੰਘ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਤੇ ਆਧੁਨਿਕ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਿਹਤ ਕ੍ਰਾਂਤੀ ਦਾ ਅਸਰ ਜ਼ਮੀਨੀ ਪੱਧਰ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਸਰਜਨ ਸੇਵਾਵਾਂ ਨਿਭਾਅ ਰਹੇ ਡਾ. ਇੰਦਰਪ੍ਰੀਤ ਸਿੰਘ ਇਸ ਬਦਲਾਅ ਦੀ ਇੱਕ ਪ੍ਰਭਾਵਸ਼ਾਲੀ ਮਿਸਾਲ ਬਣ ਕੇ ਸਾਹਮਣੇ ਆਏ ਹਨ। ਡਾ. ਇੰਦਰਪ੍ਰੀਤ ਸਿੰਘ ਹੁਣ ਤੱਕ ਸਰਕਾਰੀ ਹਸਪਤਾਲ ਵਿੱਚ 300 ਤੋਂ ਵੱਧ ਬਵਾਸੀਰ ਦੇ ਅਪਰੇਸ਼ਨ ਮੁਫ਼ਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਬਵਾਸੀਰ ਦੇ ਅਪਰੇਸ਼ਨ ਲਈ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਸੀ।
ਡਾ. ਇੰਦਰਪ੍ਰੀਤ ਸਿੰਘ ਦੀ ਕਾਰਜਸ਼ੈਲੀ ਅਤੇ ਮਰੀਜ਼ਾਂ ਪ੍ਰਤੀ ਸਮਰਪਣ ਕਾਰਨ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਲੋਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਹਸਪਤਾਲ ਦੀ ਓਪੀਡੀ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਸਹੂਲਤਾਂ ਲਈ ਆਮ ਤੌਰ ’ਤੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਹਨ, ਉਹੀ ਸੇਵਾਵਾਂ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫ਼ਤ ਉਪਲਬਧ ਹੋ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਰਤੀ, ਆਧੁਨਿਕ ਮਸ਼ੀਨਰੀ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਖੰਨਾ ਵਿੱਚ ਇਨ੍ਹਾਂ ਯਤਨਾਂ ਦਾ ਲਾਭ ਮਰੀਜ਼ਾਂ ਤੱਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਡਾ. ਇੰਦਰਪ੍ਰੀਤ ਸਿੰਘ ਬਵਾਸੀਰ ਤੋਂ ਇਲਾਵਾ ਦੂਰਬੀਨ ਤਕਨੀਕ ਰਾਹੀਂ ਵੀ ਕਈ ਤਰ੍ਹਾਂ ਦੇ ਅਪਰੇਸ਼ਨ ਕਰ ਚੁੱਕੇ ਹਨ, ਜਿਸ ਨਾਲ ਮਰੀਜ਼ਾਂ ਨੂੰ ਆਧੁਨਿਕ ਇਲਾਜ ਲਈ ਨਿੱਜੀ ਹਸਪਤਾਲਾਂ ਦਾ ਰੁਖ ਕਰਨ ਦੀ ਲੋੜ ਘੱਟ ਹੋਈ ਹੈ।
ਡਾ. ਇੰਦਰਪ੍ਰੀਤ ਸਿੰਘ ਦੀ ਮਾਹਿਰਤਾ ਅਤੇ ਸੇਵਾਭਾਵ ਨੇ ਨਾ ਸਿਰਫ਼ ਖੰਨਾ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਬਣਾਈ ਹੈ, ਸਗੋਂ ਸਰਕਾਰੀ ਸਿਹਤ ਪ੍ਰਬੰਧ ਪ੍ਰਤੀ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਕੀਤਾ ਹੈ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਡਾਕਟਰ ਸਰਕਾਰੀ ਹਸਪਤਾਲਾਂ ਦੀ ਤਸਵੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਡਾ. ਇੰਦਰਪ੍ਰੀਤ ਸਿੰਘ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ।
ਡਾ. ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸਮੇਂ-ਸਮੇਂ ’ਤੇ ਖੰਨਾ ਸਰਕਾਰੀ ਹਸਪਤਾਲ ਦੀ ਕਾਰਜਪ੍ਰਣਾਲੀ ਅਤੇ ਲੋੜਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ ਅਤੇ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਅਨੁਸਾਰ ਡਾਕਟਰਾਂ, ਸਟਾਫ਼, ਆਧੁਨਿਕ ਉਪਕਰਨਾਂ ਅਤੇ ਸਰਕਾਰੀ ਸਹਿਯੋਗ ਦੇ ਬਿਹਤਰ ਤਾਲਮੇਲ ਨਾਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਮਿਆਰੀ ਇਲਾਜ ਮਿਲ ਰਿਹਾ ਹੈ।
ਖੰਨਾ ਸਰਕਾਰੀ ਹਸਪਤਾਲ ਵਿੱਚ ਡਾ. ਇੰਦਰਪ੍ਰੀਤ ਸਿੰਘ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸੇਵਾਵਾਂ ਇਸ ਗੱਲ ਦੀ ਮਿਸਾਲ ਹਨ ਕਿ ਜੇਕਰ ਸਰਕਾਰੀ ਸਿਹਤ ਪ੍ਰਬੰਧ ਵਿੱਚ ਮਾਹਿਰ ਡਾਕਟਰ, ਆਧੁਨਿਕ ਤਕਨੀਕ ਅਤੇ ਲੋੜੀਂਦੇ ਸਰੋਤ ਉਪਲਬਧ ਹੋਣ ਤਾਂ ਆਮ ਲੋਕਾਂ ਨੂੰ ਮਹਿੰਗਾ ਨਿੱਜੀ ਇਲਾਜ ਕਰਵਾਉਣ ਦੀ ਮਜਬੂਰੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਇਹੀ ਜ਼ਮੀਨੀ ਬਦਲਾਅ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਦਾਅਵਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।












Leave a Reply