ਖੰਨਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਖੰਨਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਗੁਰਕੀਰਤ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ’ਤੇ ਤਿੱਖਾ ਹਮਲਾ ਕਰਦਿਆਂ ਖੰਨਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਪਾਸ ਕੀਤੇ ਕਰੋੜਾਂ ਰੁਪਏ ਦੇ ਪ੍ਰਸਤਾਵਾਂ ’ਤੇ ਸਵਾਲ ਚੁੱਕੇ ਹਨ।
ਮੰਗਲਵਾਰ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਕੋਲ ਪਹਿਲਾਂ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡਾਂ ਦੀ ਕਮੀ ਹੈ। ਇਸ ਦੇ ਬਾਵਜੂਦ ਅਜਿਹੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਵੱਡਾ ਆਰਥਿਕ ਬੋਝ ਨਗਰ ਕੌਂਸਲ ’ਤੇ ਪੈ ਰਿਹਾ ਹੈ।
ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਪ੍ਰਾਜੈਕਟ ’ਤੇ ਸਵਾਲ
ਕੋਟਲੀ ਨੇ ਖੰਨਾ ਸ਼ਹਿਰ ਵਿੱਚ ਬਿਜਲੀ ਦੇ ਖੰਭੇ ਹਟਾ ਕੇ ਤਾਰਾਂ ਨੂੰ ਅੰਡਰਗਰਾਊਂਡ ਕਰਨ ਸਬੰਧੀ ਪ੍ਰਸਤਾਵ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਪ੍ਰਾਜੈਕਟ ’ਤੇ ਕਰੀਬ 20.46 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਇਸ ਵਿੱਚੋਂ ਕਰੀਬ 10 ਕਰੋੜ ਰੁਪਏ ਨਗਰ ਕੌਂਸਲ ਵੱਲੋਂ ਖਰਚ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ, ਜਦਕਿ ਬਾਕੀ ਰਕਮ ਬਿਜਲੀ ਵਿਭਾਗ ਵੱਲੋਂ ਖਰਚ ਕੀਤੇ ਜਾਣ ਦੀ ਗੱਲ ਹੈ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨਾਲ ਸਬੰਧਤ ਕੰਮ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੈ ਤਾਂ ਇਸ ਦਾ ਆਰਥਿਕ ਬੋਝ ਨਗਰ ਕੌਂਸਲ ’ਤੇ ਕਿਉਂ ਪਾਇਆ ਜਾ ਰਿਹਾ ਹੈ।
ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਕੋਲ ਸੜਕਾਂ, ਸੀਵਰੇਜ, ਸਫਾਈ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਵੀ ਲੋੜੀਂਦੇ ਫੰਡ ਨਹੀਂ ਹਨ। ਅਜਿਹੇ ਵਿੱਚ ਇੱਕ ਹੀ ਪ੍ਰਾਜੈਕਟ ’ਤੇ ਕਰੋੜਾਂ ਰੁਪਏ ਖਰਚ ਕਰਨ ਨਾਲ ਸ਼ਹਿਰ ਦੇ ਹੋਰ ਵਿਕਾਸ ਕਾਰਜ ਪ੍ਰਭਾਵਿਤ ਹੋ ਸਕਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਇਹ ਪ੍ਰਸਤਾਵ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਇਸ਼ਾਰੇ ’ਤੇ ਲਿਆਂਦਾ ਗਿਆ ਹੈ। ਕੋਟਲੀ ਨੇ ਕਿਹਾ ਕਿ ਕਾਂਗਰਸ ਨਗਰ ਕੌਂਸਲ ਦੇ ਪੈਸੇ ਨੂੰ ਇਸ ਤਰੀਕੇ ਨਾਲ ਖਰਚ ਕੀਤੇ ਜਾਣ ਨੂੰ ਸਵੀਕਾਰ ਨਹੀਂ ਕਰੇਗੀ ਅਤੇ ਮੰਤਰੀ ਸੌਂਧ ਨੂੰ ਆਪਣੇ ਮਹਿਕਮੇ ਰਾਹੀਂ ਇਹ ਕੰਮ ਕਰਵਾਉਣਾ ਚਾਹੀਦਾ ਹੈ।
ਰਸੂਲੜਾ ਬਾਇਓਗੈਸ ਪਲਾਂਟ ਨੂੰ ਲੈ ਕੇ ਵੀ ਸਰਕਾਰ ’ਤੇ ਨਿਸ਼ਾਨਾ
ਕੋਟਲੀ ਨੇ ਰਸੂਲੜਾ ਪਿੰਡ ਵਿੱਚ ਪ੍ਰਸਤਾਵਿਤ ਬਾਇਓਗੈਸ ਪਲਾਂਟ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਕਰੀਬ 12.48 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ, ਜਿਸ ਵਿੱਚੋਂ ਕਰੀਬ 5.62 ਕਰੋੜ ਰੁਪਏ ਨਗਰ ਕੌਂਸਲ ਖੰਨਾ ਵੱਲੋਂ ਦੇਣ ਦਾ ਪ੍ਰਸਤਾਵ ਪਾਸ ਕੀਤਾ ਜਾ ਚੁੱਕਾ ਹੈ।
ਕੋਟਲੀ ਨੇ ਦੋਸ਼ ਲਗਾਇਆ ਕਿ ਇੱਕ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਨਗਰ ਕੌਂਸਲ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹਾਊਸ ਦੀ ਮੀਟਿੰਗ ਵਿੱਚ ਪ੍ਰਸਤਾਵ ਲਿਆਂਦਾ ਗਿਆ ਹੈ ਤਾਂ ਇਸ ਦੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪੈਸੇ ਨਾਲ ਜੁੜਿਆ ਮਾਮਲਾ ਹੈ ਅਤੇ ਕਾਂਗਰਸ ਇਸ ਨੂੰ ਚੁੱਪਚਾਪ ਸਵੀਕਾਰ ਨਹੀਂ ਕਰੇਗੀ। ਲੋੜ ਪੈਣ ’ਤੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਲੋਕਾਂ ਦੀ ਸਿਹਤ ਪ੍ਰਭਾਵਿਤ ਹੋਈ ਤਾਂ ਪਿੰਡ ਵਾਸੀਆਂ ਨਾਲ ਖੜ੍ਹਾਂਗੇ: ਕੋਟਲੀ
ਕੋਟਲੀ ਨੇ ਕਿਹਾ ਕਿ ਜੇਕਰ ਰਸੂਲੜਾ ਵਿੱਚ ਪ੍ਰਸਤਾਵਿਤ ਬਾਇਓਗੈਸ ਪਲਾਂਟ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਿਹਤ ਜਾਂ ਵਾਤਾਵਰਣ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਕਾਂਗਰਸ ਇਸ ਦਾ ਖੁੱਲ੍ਹ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਪਿੰਡ ਵਾਸੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਬਾਇਓਗੈਸ ਪਲਾਂਟ ਦੀ ਪੂਰੀ ਯੋਜਨਾ ਅਤੇ ਇਸ ਨਾਲ ਸਬੰਧਤ ਵੇਰਵੇ ਲੋਕਾਂ ਸਾਹਮਣੇ ਜਨਤਕ ਕੀਤੇ ਜਾਣ।
ਕੋਟਲੀ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਜਿਹੇ ਪ੍ਰਾਜੈਕਟਾਂ ਨੂੰ ਅੱਗੇ ਵਧਾ ਰਹੀ ਹੈ, ਜਿਨ੍ਹਾਂ ਦਾ ਆਰਥਿਕ ਬੋਝ ਨਗਰ ਕੌਂਸਲ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਪੈਸਾ ਸ਼ਹਿਰ ਦੇ ਵਿਕਾਸ, ਸਫਾਈ, ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ’ਤੇ ਖਰਚ ਹੋਣਾ ਚਾਹੀਦਾ ਹੈ।
ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ ਕੋਟਲੀ ਨੇ ਕਿਹਾ ਕਿ ਕਾਂਗਰਸ ਨਗਰ ਕੌਂਸਲ ਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰਨ ਵਾਲੇ ਹਰ ਪ੍ਰਸਤਾਵ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਲਈ ਕਾਂਗਰਸ ਸਿਆਸੀ ਲੜਾਈ ਦੇ ਨਾਲ-ਨਾਲ ਲੋੜ ਪੈਣ ’ਤੇ ਕਾਨੂੰਨੀ ਲੜਾਈ ਵੀ ਲੜੇਗੀ ਅਤੇ ਨਗਰ ਕੌਂਸਲ ਦੇ ਪੈਸੇ ਦੀ ਵਰਤੋਂ ਤੇ ਪ੍ਰਸਤਾਵਾਂ ਦੀ ਪ੍ਰਕਿਰਿਆ ਸਬੰਧੀ ਮਾਮਲੇ ਨੂੰ ਅੱਗੇ ਵੀ ਜਨਤਕ ਤੌਰ ’ਤੇ ਉਠਾਇਆ ਜਾਵੇਗਾ।












Leave a Reply