ਖੰਨਾ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਆਪਰੇਸ਼ਨ ਪ੍ਰਹਾਰ 3.0’ ਤਹਿਤ ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 451 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਹਿੰਮ ਐਸ.ਐਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੱਕੋ ਸਮੇਂ ਚਲਾਈ ਗਈ।
ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਸ਼ੱਕੀ ਥਾਵਾਂ ਅਤੇ ਅਪਰਾਧੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ 326 ਸਬਸਟੈਂਟਿਵ ਗ੍ਰਿਫਤਾਰੀਆਂ, 111 ਪ੍ਰੀਵੈਂਟਿਵ ਗ੍ਰਿਫਤਾਰੀਆਂ, 10 ਭਗੌੜੇ ਮੁਲਜ਼ਮ ਅਤੇ 4 ਗੈਂਗਸਟਰਾਂ ਦੇ ਸਾਥੀਆਂ ਸਮੇਤ ਕੁੱਲ 451 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਕਾਰਵਾਈ ਦੌਰਾਨ ਪੁਲਿਸ ਨੇ 247.6 ਗ੍ਰਾਮ ਹੈਰੋਇਨ, 3 ਕਿਲੋ ਗਾਂਜਾ, 1.4 ਕਿਲੋ ਅਫ਼ੀਮ, 100 ਕਿਲੋ ਭੁੱਕੀ, 380 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੇ ਨਾਲ-ਨਾਲ 13,250 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਇਸ ਤੋਂ ਇਲਾਵਾ 5 ਦੋ-ਪਹੀਆ ਵਾਹਨ, ਇੱਕ ਚਾਰ-ਪਹੀਆ ਵਾਹਨ, 8 ਚੋਰੀਸ਼ੁਦਾ ਟਰੱਕ, 4 ਮੋਬਾਈਲ ਫੋਨ ਅਤੇ ਇੱਕ ਚਾਂਦੀ ਦੀ ਚੇਨ ਵੀ ਜ਼ਬਤ ਕੀਤੀ ਗਈ।
ਆਬਕਾਰੀ ਕਾਨੂੰਨ ਤਹਿਤ ਕੀਤੀ ਗਈ ਕਾਰਵਾਈ ਦੌਰਾਨ 153 ਲੀਟਰ ਗੈਰ-ਕਾਨੂੰਨੀ ਸ਼ਰਾਬ ਅਤੇ ਉੱਚ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਸ਼ਰਾਬ ਭਰਨ ਲਈ ਵਰਤੀਆਂ ਜਾਂਦੀਆਂ 160 ਖਾਲੀ ਬੋਤਲਾਂ ਬਰਾਮਦ ਹੋਈਆਂ। ਜੂਏ ਨਾਲ ਸਬੰਧਤ ਮਾਮਲਿਆਂ ਵਿੱਚ 6,320 ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ।
ਹਥਿਆਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪੁਲਿਸ ਨੇ ਦੋ .32 ਬੋਰ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ ਤਿੰਨ ਦਾਤਾਰ/ਚਾਕੂ ਵੀ ਬਰਾਮਦ ਕੀਤੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਦੋ ਗੈਰ-ਕਾਨੂੰਨੀ ਡੀ-ਐਡੀਕਸ਼ਨ ਸੈਂਟਰਾਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਅਜਿਹੀ ਕੈਮਿਸਟ ਦੀ ਦੁਕਾਨ ’ਤੇ ਵੀ ਛਾਪਾ ਮਾਰਿਆ ਗਿਆ ਜੋ ਬਿਨਾਂ ਲਾਇਸੈਂਸ ਅਤੇ ਪੁਰਾਣੇ ਅਪਰਾਧਿਕ ਇਤਿਹਾਸ ਵਾਲੇ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੀ।
ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਵੀ ਭੰਡਾਫੋੜ ਕੀਤਾ ਜੋ ਘੱਟ ਗੁਣਵੱਤਾ ਵਾਲੀ ਸ਼ਰਾਬ ਨੂੰ ਉੱਚ ਪੱਧਰੀ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿੱਚ ਭਰ ਕੇ ਵੇਚਦਾ ਸੀ। ਇਸੇ ਤਰ੍ਹਾਂ ਚੋਰੀਸ਼ੁਦਾ ਵਾਹਨਾਂ ਦੇ ਇੰਜਣ ਅਤੇ ਚੈਸੀ ਨੰਬਰ ਬਦਲ ਕੇ ਉਨ੍ਹਾਂ ਨੂੰ ਕਾਨੂੰਨੀ ਸੈਕਿੰਡ ਹੈਂਡ ਵਾਹਨਾਂ ਵਜੋਂ ਵੇਚਣ ਵਾਲੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਗਿਆ।
ਸਾਈਬਰ ਅਪਰਾਧਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੇ ਹਥਿਆਰਾਂ, ਹਿੰਸਾ ਅਤੇ ਇਤਰਾਜ਼ਯੋਗ ਸਮੱਗਰੀ ਦਾ ਪ੍ਰਚਾਰ ਕਰਨ ਵਾਲੇ 100 ਸੋਸ਼ਲ ਮੀਡੀਆ ਯੂਆਰਐਲਜ਼ ਨੂੰ ਅਗਲੀ ਕਾਰਵਾਈ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜਿਆ ਹੈ।
ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰੀ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧਾਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ।












Leave a Reply