BREAKING PUNJAB

Fastest Punjab & National News in Punjabi and Hindi

ਖੰਨਾ ਸਿਵਲ ਹਸਪਤਾਲ ਦੀ ਵੱਡੀ ਉਪਲਬਧੀ, ਡਾ. ਮਨਿੰਦਰ ਸਿੰਘ ਭਸੀਨ ਨੇ ਕੀਤੀਆਂ 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ

Smo Khanna

ਖੰਨਾ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਰਕਾਰੀ ਹਸਪਤਾਲਾਂ ਵਿੱਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਇਸ ਦੀ ਇੱਕ ਮਿਸਾਲ ਖੰਨਾ ਦਾ ਸਿਵਲ ਹਸਪਤਾਲ ਹੈ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਦੂਰਬੀਨ (ਲੈਪ੍ਰੋਸਕੋਪਿਕ) ਸਰਜਰੀਆਂ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਗਈ ਹੈ।
ਹਸਪਤਾਲ ਵਿੱਚ 1 ਜਨਵਰੀ 2025 ਤੋਂ 23 ਜੂਨ 2026 ਤੱਕ 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਸਰਜਰੀਆਂ ਰਾਹੀਂ ਸੈਂਕੜੇ ਮਰੀਜ਼ਾਂ ਨੂੰ ਆਧੁਨਿਕ ਅਤੇ ਗੁਣਵੱਤਾ ਭਰੀ ਸਿਹਤ ਸੇਵਾ ਮੁਫ਼ਤ ਪ੍ਰਾਪਤ ਹੋਈ ਹੈ, ਜਿਸ ਨਾਲ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।


ਦੂਰਬੀਨ ਸਰਜਰੀ ਇੱਕ ਆਧੁਨਿਕ ਤਕਨੀਕ ਹੈ, ਜਿਸ ਵਿੱਚ ਛੋਟੇ ਚੀਰਾਂ ਰਾਹੀਂ ਆਪ੍ਰੇਸ਼ਨ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖੂਨ ਦੀ ਕਮੀ ਅਤੇ ਜਲਦੀ ਸਿਹਤਯਾਬੀ ਦਾ ਫਾਇਦਾ ਮਿਲਦਾ ਹੈ। ਆਮ ਤੌਰ ’ਤੇ ਨਿੱਜੀ ਹਸਪਤਾਲਾਂ ਵਿੱਚ ਅਜਿਹੀਆਂ ਸਰਜਰੀਆਂ ’ਤੇ ਵੱਡਾ ਖਰਚਾ ਆਉਂਦਾ ਹੈ, ਪਰ ਖੰਨਾ ਦੇ ਸਿਵਲ ਹਸਪਤਾਲ ਵਿੱਚ ਇਹ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ।


ਜਾਣਕਾਰੀ ਅਨੁਸਾਰ, ਜੇਕਰ ਇਹ ਸਰਜਰੀਆਂ ਨਿੱਜੀ ਹਸਪਤਾਲਾਂ ਵਿੱਚ ਕਰਵਾਈਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਰੁਪਏ ਤੱਕ ਦਾ ਖਰਚਾ ਕਰਨਾ ਪੈਂਦਾ। ਪੰਜਾਬ ਸਰਕਾਰ ਦੀਆਂ ਸਿਹਤ ਯੋਜਨਾਵਾਂ, ਆਯੁਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਹ ਸਾਰਾ ਇਲਾਜ ਮੁਫ਼ਤ ਉਪਲਬਧ ਕਰਵਾਇਆ ਗਿਆ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ


ਡਾ. ਮਨਿੰਦਰ ਸਿੰਘ ਭਸੀਨ ਨਾ ਸਿਰਫ਼ ਇੱਕ ਤਜਰਬੇਕਾਰ ਸਰਜਨ ਹਨ, ਸਗੋਂ ਸਿਵਲ ਹਸਪਤਾਲ ਖੰਨਾ ਦੇ ਪ੍ਰਸ਼ਾਸਨਿਕ ਮੁਖੀ ਵਜੋਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ, ਮਰੀਜ਼ਾਂ ਲਈ ਬਿਹਤਰ ਸਹੂਲਤਾਂ ਅਤੇ ਪ੍ਰਬੰਧਕੀ ਕਾਰਜਾਂ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਪਿਛਲੇ 31 ਸਾਲਾਂ ਤੋਂ ਸਰਜਰੀ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਡਾ. ਭਸੀਨ ਨੇ ਪ੍ਰਸ਼ਾਸਨਿਕ ਰੁਝੇਵਿਆਂ ਦੇ ਬਾਵਜੂਦ ਇਹ ਵਿਲੱਖਣ ਉਪਲਬਧੀ ਹਾਸਲ ਕੀਤੀ ਹੈ।


ਡਾ. ਮਨਿੰਦਰ ਸਿੰਘ ਭਸੀਨ ਨੇ ਇਸ ਮੌਕੇ ਕਿਹਾ ਕਿ ਇਹ ਸਫਲਤਾ ਪੂਰੀ ਮੈਡੀਕਲ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਸਿਹਤ ਨੀਤੀਆਂ ਅਤੇ ਸਿਹਤ ਵਿਭਾਗ ਦੀ ਵਚਨਬੱਧਤਾ ਸਦਕਾ ਅੱਜ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਉੱਚ ਪੱਧਰੀ ਅਤੇ ਆਧੁਨਿਕ ਇਲਾਜ ਮੁਫ਼ਤ ਉਪਲਬਧ ਹੋ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਮਰੀਜ਼ਾਂ ਨੂੰ ਹੋਰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ।


ਇਸ ਮੌਕੇ ਡਾ. ਰਾਘਵ ਅਗਰਵਾਲ, ਡਾ. ਸ਼ੇਫਾਲੀ, ਡਾ. ਨਵਨੀਤ ਕੌਰ, ਡਾ. ਏਰਾਜੋਤ, ਡਾ. ਅੰਮ੍ਰਿਤਪਾਲ ਕੌਰ, ਡਾ. ਰਜਤ ਅਤੇ ਹੋਰ ਮੈਡੀਕਲ ਸਟਾਫ਼ ਵੀ ਮੌਜੂਦ ਸਨ।

Leave a Reply

Your email address will not be published. Required fields are marked *