300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕਰਕੇ ਸਰਕਾਰੀ ਸਿਹਤ ਸੇਵਾਵਾਂ ਨੂੰ ਦਿੱਤੀ ਨਵੀਂ ਪਛਾਣ
ਖੰਨਾ: ਖੰਨਾ ਦੇ ਸਿਵਲ ਹਸਪਤਾਲ ਨੂੰ ਸੂਬਾ ਪੱਧਰ ‘ਤੇ ਵਿਲੱਖਣ ਪਛਾਣ ਦਿਵਾਉਣ ਵਾਲੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਸਿੰਘ ਭਸੀਨ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸਿਹਤ ਸੇਵਾਵਾਂ ਅਤੇ ਸਰਜਰੀ ਖੇਤਰ ਵਿੱਚ ਪ੍ਰਾਪਤ ਕੀਤੀਆਂ ਉਪਲਬਧੀਆਂ ਲਈ “ਸ਼ਹਿਰ ਦਾ ਗੌਰਵ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮੋਰਨਿੰਗ ਕਲੱਬ ਰੇਲਵੇ ਰੋਡ ਖੰਨਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਾ. ਮਨਿੰਦਰ ਸਿੰਘ ਭਸੀਨ ਨੇ ਸਰਕਾਰੀ ਹਸਪਤਾਲ ਵਿੱਚ ਰਹਿੰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵੱਲੋਂ 1 ਜਨਵਰੀ 2025 ਤੋਂ 23 ਜੂਨ 2026 ਤੱਕ 300 ਤੋਂ ਵੱਧ ਸਫਲ ਲੈਪ੍ਰੋਸਕੋਪਿਕ (ਦੂਰਬੀਨ) ਸਰਜਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਸੈਂਕੜੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਦਾ ਲਾਭ ਮੁਫ਼ਤ ਮਿਲਿਆ।
ਜਾਣਕਾਰੀ ਅਨੁਸਾਰ ਦੂਰਬੀਨ ਸਰਜਰੀ ਆਧੁਨਿਕ ਇਲਾਜ ਦੀ ਇੱਕ ਪ੍ਰਭਾਵਸ਼ਾਲੀ ਤਕਨੀਕ ਹੈ, ਜਿਸ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖੂਨ ਦੀ ਕਮੀ ਅਤੇ ਜਲਦੀ ਸਿਹਤਯਾਬੀ ਦਾ ਫਾਇਦਾ ਹੁੰਦਾ ਹੈ। ਜੇਕਰ ਇਹ ਸਰਜਰੀਆਂ ਨਿੱਜੀ ਹਸਪਤਾਲਾਂ ਵਿੱਚ ਕਰਵਾਈਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਲੱਖਾਂ ਰੁਪਏ ਦਾ ਖਰਚਾ ਕਰਨਾ ਪੈਂਦਾ। ਪੰਜਾਬ ਸਰਕਾਰ ਦੀਆਂ ਸਿਹਤ ਯੋਜਨਾਵਾਂ ਅਤੇ ਡਾ. ਭਸੀਨ ਦੀ ਅਗਵਾਈ ਹੇਠ ਇਹ ਸੇਵਾਵਾਂ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ।
ਡਾ. ਮਨਿੰਦਰ ਸਿੰਘ ਭਸੀਨ ਨਾ ਸਿਰਫ਼ ਇੱਕ ਮਾਹਿਰ ਸਰਜਨ ਹਨ, ਸਗੋਂ ਹਸਪਤਾਲ ਦੇ ਮੁਖੀ ਵਜੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵੀ ਬੇਹੱਦ ਕੁਸ਼ਲਤਾ ਨਾਲ ਨਿਭਾ ਰਹੇ ਹਨ। 31 ਸਾਲਾਂ ਦੇ ਤਜਰਬੇ ਨਾਲ ਉਹ ਹਸਪਤਾਲ ਵਿੱਚ ਬਿਹਤਰ ਸਿਹਤ ਸਹੂਲਤਾਂ ਅਤੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ।
ਇਸ ਮੌਕੇ ਖੱਤਰੀ ਚੇਤਨਾ ਮੰਚ ਦੇ ਪੈਟਰਨ ਰਣਵੀਰ ਖੰਨਾ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਕਾਂਸਲ, ਜਸਪਾਲ ਲੋਟੇ, ਅਮਰੀਸ਼ ਵਿੱਜ, ਅਸ਼ੋਕ ਅਗਰਵਾਲ, ਸ਼ਿਵ ਸੋਰੀ, ਰਮਲ ਕੌੜਾ, ਅਜੇ ਭੰਡਾਰੀ, ਅਨਿਲ ਭਾਰਦਵਾਜ, ਮਨਜੀਤ ਕਲਸੀ, ਰਵਿੰਦਰ ਮਹਾਜਨ, ਸੰਜੀਵ ਦੱਤ, ਵਿਪਨ ਗਾਂਧੀ, ਸੰਜੀਵ ਪਥਾਰੀਆ, ਨਵਨੀਤ ਅਗਰਵਾਲ ਅਤੇ ਬਲਵੰਤ ਰਾਏ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਡਾ. ਮਨਿੰਦਰ ਸਿੰਘ ਭਸੀਨ ਨੂੰ ਇਸ ਤੋਂ ਪਹਿਲਾਂ ਵੀ ਸਿਹਤ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਅਤੇ ਖੰਨਾ ਸਿਵਲ ਹਸਪਤਾਲ ਦਾ ਨਾਮ ਰੌਸ਼ਨ ਕਰਨ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ਼ਹਿਰ ਵਾਸੀਆਂ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਰਪਿਤ ਅਧਿਕਾਰੀ ਸਰਕਾਰੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਲੋਕ-ਪੱਖੀ ਬਣਾਉਂਦੇ ਹਨ।












Leave a Reply