BREAKING PUNJAB

Fastest Punjab & National News in Punjabi and Hindi

ਗੁਰੂ ਰਵਿਦਾਸ ਜੀ ਮਨੁੱਖੀ ਬਰਾਬਰੀ ਅਤੇ ਸਮਾਜਿਕ ਇਨਸਾਫ਼ ਦੇ ਮਹਾਨ ਪ੍ਰਵਕਤਾ ਸਨ: ਡਾ. ਪੁਸ਼ਪਿੰਦਰ ਸਿੰਘ ਗਿੱਲ

img 20260621 wa0002

ਫ਼ਤਿਹਗੜ੍ਹ ਸਾਹਿਬ :ਬਾਣੀ ਵਿਚਾਰ ਚੇਤਨਾ ਮੰਚ ਪੰਜਾਬ (ਰਜਿ.) ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਦੀ ਲੜੀ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਚੌਥਾ ਸੈਮੀਨਾਰ ਪਿੰਡ ਪੰਜੌਲੀ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿੱਚ ਆਯੋਜਿਤ ਕੀਤਾ ਗਿਆ।


ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਉਸ ਦੌਰ ਵਿੱਚ ਮਨੁੱਖੀ ਬਰਾਬਰੀ ਦੀ ਆਵਾਜ਼ ਬੁਲੰਦ ਕੀਤੀ, ਜਦੋਂ ਸਮਾਜ ਜਾਤ-ਪਾਤ ਅਤੇ ਛੂਆਛੂਤ ਦੀਆਂ ਬੁਰਾਈਆਂ ਨਾਲ ਗ੍ਰਸਤ ਸੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਅਤੇ ਭਗਤੀ ਲਹਿਰ ਦੇ ਹੋਰ ਮਹਾਨ ਸੰਤਾਂ ਨੇ ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਚੁਣੌਤੀ ਦਿੱਤੀ ਅਤੇ ਮਨੁੱਖਤਾ ਨੂੰ ਇੱਕਜੁੱਟ ਕਰਨ ਦਾ ਸੰਦੇਸ਼ ਦਿੱਤਾ।


ਮੁੱਖ ਪੇਪਰ ਪੇਸ਼ ਕਰਦਿਆਂ ਉੱਘੇ ਲੇਖਕ ਅਤੇ ਚਿੰਤਕ ਨਵਤੇਜ ਗੜ੍ਹਦੀਵਾਲਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਮਨੁੱਖ ਨੂੰ ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਅਡੰਬਰਾਂ ਤੋਂ ਮੁਕਤ ਕਰਕੇ ‘ਸਤਨਾਮ’ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਚੇਤਨਾ ਅੱਜ ਦੇ ਸਮਾਜ ਲਈ ਬਹੁਤ ਪ੍ਰਸੰਗਿਕ ਹੈ, ਜੋ ਕਈ ਤਰ੍ਹਾਂ ਦੇ ਸੰਕਟਾਂ ਅਤੇ ਵੰਡਾਂ ਦਾ ਸਾਹਮਣਾ ਕਰ ਰਿਹਾ ਹੈ।


ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਸਮੇਤ ਸਾਰੇ ਗੁਰੂਆਂ ਅਤੇ ਮਹਾਂਪੁਰਖਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।


ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਫਤਿਹਜੰਗ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਜਾਤ-ਪਾਤ ਦੀ ਸੋਚ ਅੱਜ ਵੀ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਗੁਰੂ ਰਵਿਦਾਸ ਜੀ ਦੇ ਬਰਾਬਰੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਅਪਣਾਉਣ ਦੀ ਲੋੜ ਹੈ।


ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਜ਼ਿਲ੍ਹਾ ਕੋਆਰਡੀਨੇਟਰ ਨਿਰਭੈ ਸਿੰਘ ਰੁੜਕੀ ਨੇ ਨਿਭਾਈ। ਸਮਾਗਮ ਦੌਰਾਨ ਸਤਵਿੰਦਰ ਸਿੰਘ ਟੌਹੜਾ, ਪ੍ਰੋ. ਬਲਦੇਵ ਸਿੰਘ ਬੱਲੀ, ਗੁਰਨਾਮ ਸਿੰਘ ਤਹਿਸੀਲਦਾਰ, ਤਰਸੇਮ ਦੀਵਾਨਾ, ਇੰਜੀਨੀਅਰ ਸਤਨਾਮ ਸਿੰਘ ਮੱਟੂ, ਬਾਬਾ ਦਰਸ਼ਨ ਸਿੰਘ ਟੌਹੜਾ ਅਤੇ ਬਾਬਾ ਹਰਜਿੰਦਰ ਸਿੰਘ ਭੱਲਮਾਜਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *