ਪਾਇਲ ਵਿਧਾਨ ਸਭਾ ਹਲਕੇ ਅੰਦਰ ਹੋ ਰਹੀਆਂ ਪਾਇਲ ਅਤੇ ਦੋਰਾਹਾ ਨਗਰ ਕੌਂਸਲ ਚੋਣਾਂ ਇਸ ਵਾਰ ਸਾਫ-ਸੁਥਰੀ ਅਤੇ ਪਾਰਦਰਸ਼ੀ ਰਾਜਨੀਤੀ ਦੀ ਨਵੀਂ ਮਿਸਾਲ ਕਾਇਮ ਕਰ ਰਹੀਆਂ ਹਨ। ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਉਮੀਦਵਾਰ ਨਾਲ ਧੱਕੇਸ਼ਾਹੀ ਜਾਂ ਭੇਦਭਾਵ ਦੀ ਕੋਈ ਸ਼ਿਕਾਇਤ ਸਾਹਮਣੇ ਨਾ ਆਉਣ ਕਾਰਨ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਪਾਇਲ ਨਗਰ ਕੌਂਸਲ ਦੇ 11 ਵਾਰਡਾਂ ਅਤੇ ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਲਈ ਚੋਣਾਂ ਹੋ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤੇ ਗਏ। ਆਮ ਲੋਕਾਂ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂ ਵੀ ਖੁੱਲ੍ਹ ਕੇ ਮੰਨ ਰਹੇ ਹਨ ਕਿ ਚੋਣ ਪ੍ਰਕਿਰਿਆ ਦੌਰਾਨ ਪੂਰੀ ਪਾਰਦਰਸ਼ਤਾ ਬਣਾਈ ਰੱਖੀ ਗਈ।
ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ 2022 ਤੋਂ ਬਾਅਦ ਹੋਈਆਂ ਹਰ ਚੋਣਾਂ — ਚਾਹੇ ਬਲਾਕ ਸੰਮਤੀਆਂ ਦੀਆਂ ਹੋਣ, ਸਹਿਕਾਰੀ ਖੇਤੀਬਾੜੀ ਅਤੇ ਦੁੱਧ ਉਤਪਾਦਕ ਸੋਸਾਇਟੀਆਂ ਦੀਆਂ ਚੋਣਾਂ ਹੋਣ, ਸਰਪੰਚੀ-ਪੰਚੀ ਦੀਆਂ ਚੋਣਾਂ ਹੋਣ ਜਾਂ ਹੁਣ ਨਗਰ ਕੌਂਸਲ ਚੋਣਾਂ — ਹਰ ਮੌਕੇ ’ਤੇ ਲੋਕਤੰਤਰ ਦੀ ਭਾਵਨਾ ਨੂੰ ਬਰਕਰਾਰ ਰੱਖਿਆ ਗਿਆ ਹੈ।
ਲੋਕਾਂ ਦਾ ਮੰਨਣਾ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਿਆਸਤ ਵਿੱਚ ਸਾਫ-ਸੁਥਰੀ ਅਤੇ ਇਮਾਨਦਾਰ ਰਾਜਨੀਤੀ ਦੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਵਿਰੋਧੀ ਧਿਰ ਵੀ ਇਹ ਕਹੇ ਕਿ “ਕੋਈ ਧੱਕਾ ਨਹੀਂ ਹੋਇਆ” ਅਤੇ “ਕਿਸੇ ਦੇ ਕਾਗਜ਼ ਰੱਦ ਨਹੀਂ ਕੀਤੇ ਗਏ”, ਤਾਂ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ।
ਹਲਕੇ ਦੇ ਵਸਨੀਕਾਂ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਤਿਉਹਾਰ ਹੁੰਦੀਆਂ ਹਨ ਅਤੇ ਹਰ ਉਮੀਦਵਾਰ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਪਾਇਲ ਹਲਕੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਰਹੀ ਹੈ। ਨਾ ਤਾਂ ਪ੍ਰਸ਼ਾਸਨ ’ਤੇ ਕਿਸੇ ਤਰ੍ਹਾਂ ਦਾ ਦਬਾਅ ਦੇਖਣ ਨੂੰ ਮਿਲਿਆ ਅਤੇ ਨਾ ਹੀ ਕਿਸੇ ਉਮੀਦਵਾਰ ਨਾਲ ਭੇਦਭਾਵ ਕੀਤਾ ਗਿਆ।
ਸਮਾਜਿਕ ਅਤੇ ਰਾਜਨੀਤਿਕ ਵਰਗਾਂ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਹਰ ਜਗ੍ਹਾ ਇਸੇ ਤਰ੍ਹਾਂ ਦੀ ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਹੋਵੇ ਤਾਂ ਲੋਕਾਂ ਦਾ ਲੋਕਤੰਤਰ ’ਤੇ ਵਿਸ਼ਵਾਸ ਹੋਰ ਮਜ਼ਬੂਤ ਹੋ ਸਕਦਾ ਹੈ।
ਹਲਕੇ ਦੇ ਲੋਕਾਂ ਅਤੇ ਸਮਰਥਕਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਪਾਇਲ ਹਲਕੇ ਵਿੱਚ ਲੋਕਤੰਤਰ ਦੀ ਤਾਕਤ ਨੂੰ ਮਜ਼ਬੂਤ ਕੀਤਾ ਹੈ। ਲੋਕਾਂ ਨੇ ਕਿਹਾ ਕਿ ਸਾਫ-ਸੁਥਰੀ ਅਤੇ ਇਮਾਨਦਾਰ ਰਾਜਨੀਤੀ ਹੀ ਲੋਕਾਂ ਦਾ ਭਰੋਸਾ ਜਿੱਤ ਸਕਦੀ ਹੈ ਅਤੇ ਪਾਇਲ ਹਲਕਾ ਇਸਦੀ ਵੱਡੀ ਉਦਾਹਰਨ ਬਣ ਕੇ ਸਾਹਮਣੇ ਆ ਰਿਹਾ ਹੈ।












Leave a Reply