ਫਤਹਿਗੜ੍ਹ ਸਾਹਿਬ, ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਕ੍ਰਿਸ਼ੀ-ਉੱਨਤੀ ਯੋਜਨਾ ‘ਆਤਮਾ’ ਸਕੀਮ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਬਲਾਕ ਅਮਲੋਹ ਅਤੇ ਖੇੜਾ ਦੇ ਕਿਸਾਨਾਂ ਨੂੰ ਹਲਦੀ ਪ੍ਰੋਸੈਸਿੰਗ ਅਤੇ ਵਰਮੀਕੰਪੋਸਟ ਯੂਨਿਟਾਂ ਦਾ ਦੌਰਾ ਕਰਵਾਇਆ ਗਿਆ।
ਮੁੱਖ ਖੇਤੀਬਾੜੀ ਅਫਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪਿੰਡ ਕੋਟਲਾ ਬਜਵਾੜਾ ਦੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ ਲਿਜਾ ਕੇ ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਯੂਨਿਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ 8 ਤੋਂ 10 ਏਕੜ ਵਿੱਚ ਹਲਦੀ ਦੀ ਕਾਸ਼ਤ ਕਰ ਰਹੇ ਹਨ ਅਤੇ ਆਪਣੀ ਫਸਲ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ।
ਇਸ ਤੋਂ ਬਾਅਦ ਕਿਸਾਨਾਂ ਨੇ ਸਰਹਿੰਦ ਦੇ ਸ਼ਮਸ਼ੇਰ ਨਗਰ ਵਿਖੇ ਅਗਾਂਹਵਧੂ ਕਿਸਾਨਾਂ ਗੁਰਭੇਜ ਸਿੰਘ ਅਤੇ ਕੁਲਵਿੰਦਰ ਸਿੰਘ ਵੱਲੋਂ ਚਲਾਏ ਜਾ ਰਹੇ ਵਰਮੀਕੰਪੋਸਟ ਯੂਨਿਟ ਦਾ ਵੀ ਦੌਰਾ ਕੀਤਾ। ਦੋਵੇਂ ਕਿਸਾਨ ਪਿਛਲੇ 5–6 ਸਾਲਾਂ ਤੋਂ ਇੱਕ ਏਕੜ ਵਿੱਚ ਵਰਮੀਕੰਪੋਸਟ ਖਾਦ ਤਿਆਰ ਕਰ ਰਹੇ ਹਨ ਅਤੇ ਇਸ ਨੂੰ 8 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਰਮੀਕੰਪੋਸਟ ਯੂਨਿਟ ਸ਼ੁਰੂ ਕਰਨ ਦੇ ਇੱਛੁਕ ਕਿਸਾਨ 300 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਗੰਡੋਏ ਪ੍ਰਾਪਤ ਕਰ ਸਕਦੇ ਹਨ।
ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ. ਹਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾਉਣ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਰਾਹੀਂ ਮੁੱਲ ਵਧਾਉਣ ਅਤੇ ਐਗਰੋ ਪ੍ਰੋਸੈਸਿੰਗ ਯੂਨਿਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਕਿਸਾਨ ਆਪਣੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੇ ਹਨ।
ਇਸ ਮੌਕੇ ਡਾ. ਜਤਿੰਦਰ ਸਿੰਘ ਨੇ ਆਤਮਾ ਸਕੀਮ ਅਧੀਨ ਚਲਾਈਆਂ ਜਾ ਰਹੀਆਂ ਕਿਸਾਨ ਪੱਖੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਗਮ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ।












Leave a Reply