ਫਤਹਿਗੜ੍ਹ ਸਾਹਿਬ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੇ ਮਧਰੇਪਣ (ਸਟੰਟਿੰਗ) ਰੋਗ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਵਿਸ਼ਾਣੂ ਰੋਗ ਹੈ, ਜਿਸ ਕਾਰਨ ਪ੍ਰਭਾਵਿਤ ਬੂਟੇ ਮਧਰੇ ਰਹਿ ਜਾਂਦੇ ਹਨ, ਪੱਤੇ ਨੋਕਦਾਰ ਹੋ ਜਾਂਦੇ ਹਨ ਅਤੇ ਜੜ੍ਹਾਂ ਦਾ ਵਿਕਾਸ ਵੀ ਘੱਟ ਹੁੰਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਕਾਫ਼ੀ ਘੱਟ ਰਹਿ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਰੋਗ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ। ਕਿਸਾਨ ਪਨੀਰੀ ਅਤੇ ਖੇਤਾਂ ਵਿੱਚ ਇਸ ਕੀੜੇ ਦੀ ਮੌਜੂਦਗੀ ਦੀ ਜਾਂਚ ਲਈ ਬੂਟਿਆਂ ਨੂੰ ਹੌਲੀ-ਹੌਲੀ ਝਾੜ ਕੇ ਦੇਖਣ। ਜੇਕਰ ਟਿੱਡੇ ਪਾਣੀ ਉੱਪਰ ਤਰਦੇ ਨਜ਼ਰ ਆਉਣ ਤਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
ਡਾ. ਜਗਦੇਵ ਸਿੰਘ ਨੇ ਕਿਹਾ ਕਿ ਵਧੀਆ ਨਤੀਜਿਆਂ ਲਈ ਛਿੜਕਾਅ ਸਮੇਂ ਫੁਹਾਰੇ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਰੱਖਿਆ ਜਾਵੇ, ਕਿਉਂਕਿ ਇਹ ਕੀੜੇ ਜ਼ਿਆਦਾਤਰ ਉੱਥੇ ਹੀ ਪਾਏ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਬਿਮਾਰ ਬੂਟੇ ਸ਼ੁਰੂਆਤੀ ਪੜਾਅ ਵਿੱਚ ਹੀ ਪੁੱਟ ਕੇ ਨਸ਼ਟ ਕਰਨ, ਖੇਤਾਂ ਦੀਆਂ ਵੱਟਾਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ-ਮੁਕਤ ਰੱਖਣ ਅਤੇ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਇਹ ਬਿਮਾਰੀ ਦਿਖਾਈ ਦਿੱਤੀ ਹੋਵੇ, ਉੱਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਅਤੇ ਮਾਹਿਰ ਸਲਾਹ ਲਈ ਕਿਸਾਨ ਖੇਤੀਬਾੜੀ ਵਿਭਾਗ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।












Leave a Reply