ਪਿਤਾ ਦਾ ਡੈਥ ਸਰਟੀਫਿਕੇਟ ਲੈਣ ਗਿਆ ਸੀ ਪੁੱਤਰ, ਸਰਕਾਰੀ ਰਿਕਾਰਡ ਵਿੱਚ ਉਸੇ ਨੂੰ ਕਰ ਦਿੱਤਾ ਮ੍ਰਿਤਕ ਘੋਸ਼ਿਤ
ਫਤਿਹਗੜ੍ਹ ਸਾਹਿਬ ਵਿੱਚ ਸਰਕਾਰੀ ਰਿਕਾਰਡ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ਾਸਨਿਕ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹੇ ਦੇ ਇੱਕ ਪਿੰਡ ਦੇ ਨੌਜਵਾਨ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਹ ਆਪਣੇ ਦਿਵੰਗਤ ਪਿਤਾ ਦਾ ਮੌਤ ਸਰਟੀਫਿਕੇਟ ਲੈਣ ਲਈ ਦਫ਼ਤਰ ਪਹੁੰਚਿਆ, ਪਰ ਵਿਭਾਗ ਵੱਲੋਂ ਉਸ ਦੇ ਪਿਤਾ ਦੀ ਥਾਂ ਉਸੇ ਦੇ ਨਾਮ ਦਾ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜੋ ਵਿਅਕਤੀ ਖੁਦ ਦਫ਼ਤਰ ਪਹੁੰਚ ਕੇ ਦਸਤਾਵੇਜ਼ ਪ੍ਰਾਪਤ ਕਰ ਰਿਹਾ ਸੀ, ਉਸ ਨੂੰ ਹੀ ਸਰਕਾਰੀ ਰਿਕਾਰਡ ਵਿੱਚ ਮ੍ਰਿਤਕ ਦਰਸਾ ਦਿੱਤਾ ਗਿਆ।
ਇਹ ਮਾਮਲਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਅੰਬੇਮਾਜਰਾ ਦਾ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀ ਕੇਸਰ ਸਿੰਘ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਲਈ ਮੌਤ ਸਰਟੀਫਿਕੇਟ ਬਣਵਾਉਣ ਵਾਸਤੇ ਅਰਜ਼ੀ ਦਿੱਤੀ ਸੀ। ਪਰ ਜਦੋਂ ਸੰਬੰਧਿਤ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਮ੍ਰਿਤਕ ਦੇ ਤੌਰ ‘ਤੇ ਕੇਸਰ ਸਿੰਘ ਦੀ ਬਜਾਏ ਹਰਵਿੰਦਰ ਸਿੰਘ ਦਾ ਨਾਮ ਦਰਜ ਸੀ।
ਆਪਣੇ ਹੀ ਨਾਮ ਦਾ ਮੌਤ ਸਰਟੀਫਿਕੇਟ ਦੇਖ ਕੇ ਹਰਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਗਲਤੀ ਦਾ ਪਤਾ ਨਾ ਲੱਗਦਾ ਤਾਂ ਭਵਿੱਖ ਵਿੱਚ ਬੈਂਕਿੰਗ, ਜਾਇਦਾਦ, ਪਛਾਣ ਪੱਤਰਾਂ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਉਨ੍ਹਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਪਰਿਵਾਰ ਨੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਘਟਨਾ ਨੇ ਸਰਕਾਰੀ ਰਿਕਾਰਡ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਜ਼ਿੰਦਾ ਵਿਅਕਤੀ ਨੂੰ ਹੀ ਸਰਕਾਰੀ ਦਸਤਾਵੇਜ਼ਾਂ ਵਿੱਚ ਮ੍ਰਿਤਕ ਘੋਸ਼ਿਤ ਕੀਤਾ ਜਾ ਸਕਦਾ ਹੈ ਤਾਂ ਆਮ ਨਾਗਰਿਕਾਂ ਦੇ ਮਹੱਤਵਪੂਰਨ ਰਿਕਾਰਡ ਕਿੰਨੇ ਸੁਰੱਖਿਅਤ ਹਨ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਲਾਕੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਪ੍ਰਸ਼ਾਸਨਿਕ ਲਾਪਰਵਾਹੀ ‘ਤੇ ਸਵਾਲ ਉਠਾ ਰਹੇ ਹਨ।
ਦੂਜੇ ਪਾਸੇ, ਡਿਸਪੈਂਸਰੀ ਵਿੱਚ ਤਾਇਨਾਤ ਏਐਨਐਮ ਹਰਜੋਤ ਕੌਰ ਨੇ ਇਸ ਨੂੰ ਇੱਕ ਕਲੈਰੀਕਲ ਗਲਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਤਿਆਰ ਕਰਦੇ ਸਮੇਂ ਤਕਨੀਕੀ ਗਲਤੀ ਹੋ ਗਈ ਸੀ। ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਇਸ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸਹੀ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ।
ਹਾਲਾਂਕਿ ਇਸ ਘਟਨਾ ਨੇ ਇੱਕ ਵਾਰ ਫਿਰ ਸਰਕਾਰੀ ਦਫ਼ਤਰਾਂ ਵਿੱਚ ਰਿਕਾਰਡ ਤਿਆਰ ਕਰਨ ਅਤੇ ਉਸ ਦੀ ਜਾਂਚ-ਪੜਤਾਲ ਦੀ ਪ੍ਰਕਿਰਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਗੰਭੀਰ ਗਲਤੀਆਂ ਨੂੰ ਸਿਰਫ਼ “ਕਲੈਰੀਕਲ ਮਿਸਟੇਕ” ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।












Leave a Reply