ਫਤਹਿਗੜ੍ਹ ਸਾਹਿਬ: ਫੌਜ ਵਿੱਚ ਅਫ਼ਸਰ ਬਣਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ, ਬਜਵਾੜਾ ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਪਹਿਲਾ ਬੈਚ ਜੁਲਾਈ 2026 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਆਰਮਡ ਫੋਰਸਿਜ਼ ਵਿੱਚ ਅਫ਼ਸਰ ਪੱਧਰ ਦੀ ਭਰਤੀ ਲਈ ਨੌਜਵਾਨਾਂ ਨੂੰ ਵਿਸ਼ੇਸ਼ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ। ਇਹ ਕੋਚਿੰਗ ਸੀ.ਡੀ.ਐਸ., ਏ.ਐਫ.ਕੈਟ., ਆਈ.ਐਮ.ਏ., ਓ.ਟੀ.ਏ. ਅਤੇ ਐੱਸ.ਐੱਸ.ਬੀ. ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਸਥਾ ਵਿੱਚ ਤਿੰਨ ਮਹੀਨਿਆਂ ਦੀ ਸੰਗਠਿਤ ਅਕਾਦਮਿਕ ਸਿਖਲਾਈ ਦੇ ਨਾਲ ਤਿੰਨ ਹਫ਼ਤਿਆਂ ਦੀ ਐੱਸ.ਐੱਸ.ਬੀ. ਟ੍ਰੇਨਿੰਗ ਵੀ ਕਰਵਾਈ ਜਾਵੇਗੀ। ਇਸ ਕੋਰਸ ਵਿੱਚ 18 ਤੋਂ 25 ਸਾਲ ਉਮਰ ਦੇ ਗ੍ਰੈਜੂਏਟ ਪਾਸ ਨੌਜਵਾਨਾਂ ਦੇ ਨਾਲ-ਨਾਲ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਵੀ ਭਾਗ ਲੈ ਸਕਣਗੇ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਹੋਸਟਲ ਦੀ ਸਹੂਲਤ ਵੀ ਉਪਲਬਧ ਹੋਵੇਗੀ ਤਾਂ ਜੋ ਦੂਰ-ਦੁਰਾਡੇ ਇਲਾਕਿਆਂ ਦੇ ਨੌਜਵਾਨ ਵੀ ਇਸ ਮੌਕੇ ਦਾ ਲਾਭ ਲੈ ਸਕਣ।
ਇੱਛੁਕ ਅਤੇ ਯੋਗ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐੱਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 62801-97708 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਦੇਸ਼ ਦੀ ਸੇਵਾ ਲਈ ਫੌਜ ਵਿੱਚ ਅਫ਼ਸਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਵਧਾਉਣ।












Leave a Reply