ਫਤਹਿਗੜ੍ਹ ਸਾਹਿਬ: ਮੱਛੀ ਪਾਲਣ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ 25 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕਰਦਿਆਂ ਮੱਛੀ ਪਾਲਣ ਨਾਲ ਸਬੰਧਤ ਸਰਕਾਰੀ ਸਕੀਮਾਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀਮਤੀ ਰਸੂ ਮਹਿੰਦੀਰੱਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਵੱਖ-ਵੱਖ ਸਬਸਿਡੀ ਸਕੀਮਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਤਹਿਤ ਹਰ ਸਾਲ ਮੱਛੀ ਪਾਲਣ ਨਾਲ ਜੁੜੇ ਕਈ ਪ੍ਰੋਜੈਕਟ ਮਨਜ਼ੂਰ ਕੀਤੇ ਜਾਂਦੇ ਹਨ, ਜਿਨ੍ਹਾਂ ਲਈ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 40 ਫੀਸਦੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਮਹਿਲਾ ਲਾਭਪਾਤਰੀਆਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਭਾਗ ਵੱਲੋਂ ਨਵੇਂ ਮੱਛੀ ਪਾਲਣ ਤਲਾਬਾਂ ਦੀ ਉਸਾਰੀ, ਮੱਛੀ ਅਤੇ ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ ਮੋਟਰਸਾਈਕਲ, ਆਟੋ ਰਿਕਸ਼ਾ ਅਤੇ ਇੰਸੂਲੇਟਿਡ ਵੈਨਾਂ, ਮੱਛੀ ਦੀਆਂ ਦੁਕਾਨਾਂ ਦੀ ਉਸਾਰੀ ਅਤੇ ਨਵੀਨੀਕਰਨ ਵਰਗੀਆਂ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਅਤੇ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
ਸ੍ਰੀਮਤੀ ਰਸੂ ਮਹਿੰਦੀਰੱਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਧੁਨਿਕ ਤਕਨੀਕਾਂ ਅਪਣਾ ਕੇ ਮੱਛੀ ਪਾਲਣ ਨੂੰ ਹੋਰ ਲਾਭਕਾਰੀ ਧੰਦਾ ਬਣਾਉਣ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਕਿਸਾਨਾਂ ਨੂੰ ਤਕਨੀਕੀ ਮਾਰਗਦਰਸ਼ਨ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਹਮੇਸ਼ਾ ਵਚਨਬੱਧ ਹੈ।
ਇਸ ਦੌਰਾਨ ਸੀਨੀਅਰ ਮੱਛੀ ਪਾਲਣ ਅਫਸਰ ਸ੍ਰੀਮਤੀ ਸੁਖਵਿੰਦਰ ਕੌਰ ਨੇ ਕਿਸਾਨਾਂ ਨੂੰ ਮੱਛੀ ਪਾਲਣ ਦੀਆਂ ਨਵੀਨਤਮ ਵਿਗਿਆਨਕ ਤਕਨੀਕਾਂ ਅਤੇ ਆਧੁਨਿਕ ਪ੍ਰਬੰਧਨ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸਮਾਗਮ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ ਸ੍ਰੀ ਗੁਰਅੰਸ਼ਪ੍ਰੀਤ ਸਿੰਘ ਸੇਠੀ, ਮਿਸ ਦਿਲਪ੍ਰੀਤ ਕੌਰ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਰਹੇ।












Leave a Reply