ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਨੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਗੁੰਮ ਅਤੇ ਚੋਰੀ ਹੋਏ 129 ਮੋਬਾਇਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ। ਇਸ ਮੌਕੇ ਮੋਬਾਇਲ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਬਿਨਾਂ ਦੇਰੀ ਆਪਣੇ ਨਜ਼ਦੀਕੀ ਸਾਂਝ ਕੇਂਦਰ ਵਿੱਚ ਰਿਪੋਰਟ ਦਰਜ ਕਰਵਾਏ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਮਦਦ ਨਾਲ ਕੇਂਦਰੀ ਉਪਕਰਣ ਪਛਾਣ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ‘ਤੇ ਮੋਬਾਇਲ ਨੂੰ ਬਲਾਕ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸ ਦੀ ਦੁਰਵਰਤੋਂ ਰੋਕੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਬਲਾਕ ਕੀਤੇ ਮੋਬਾਇਲ ਦੀ ਵਰਤੋਂ ਹੁੰਦੀ ਹੈ ਤਾਂ ਪੁਲਿਸ ਨੂੰ ਜਾਣਕਾਰੀ ਮਿਲ ਜਾਂਦੀ ਹੈ, ਜਿਸ ਨਾਲ ਉਸ ਦੀ ਰਿਕਵਰੀ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਮੋਬਾਇਲ ਵਾਪਸ ਪ੍ਰਾਪਤ ਕਰਨ ਵਾਲੇ ਸਾਰੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਸਾਂਝ ਕੇਂਦਰ ਵਿੱਚ ਜਾ ਕੇ ਆਪਣੇ ਮੋਬਾਇਲ ਅਨਲਾਕ ਕਰਵਾਉਣ, ਤਾਂ ਜੋ ਉਹ ਮੁੜ ਆਮ ਤਰ੍ਹਾਂ ਵਰਤੇ ਜਾ ਸਕਣ।
ਇਸ ਮੌਕੇ ਐਸ.ਐਸ.ਪੀ. ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਅ ਲਈ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਲ ਆਨਲਾਈਨ ਵਿੱਤੀ ਠੱਗੀ ਹੁੰਦੀ ਹੈ ਤਾਂ ਉਹ ਤੁਰੰਤ 1930 ਟੋਲ-ਫ੍ਰੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਉਣ ਜਾਂ ਸਾਈਬਰ ਕ੍ਰਾਈਮ ਪੁਲਿਸ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਸਾਈਬਰ ਧੋਖਾਧੜੀ ਤੋਂ ਬਾਅਦ ਪਹਿਲੇ ਕੁਝ ਘੰਟੇ ਬਹੁਤ ਅਹਿਮ ਹੁੰਦੇ ਹਨ ਅਤੇ ਇਸ ਦੌਰਾਨ ਕੀਤੀ ਗਈ ਸ਼ਿਕਾਇਤ ਨਾਲ ਧੋਖਾਧੜੀ ਰਾਹੀਂ ਟਰਾਂਸਫਰ ਹੋਈ ਰਕਮ ਨੂੰ ਰੋਕਣ ਅਤੇ ਕਾਨੂੰਨੀ ਪ੍ਰਕਿਰਿਆ ਅਧੀਨ ਵਾਪਸ ਕਰਵਾਉਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਈਬਰ ਅਪਰਾਧਾਂ ਤੋਂ ਸਚੇਤ ਰਹਿਣ, ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣੀ ਬੈਂਕਿੰਗ ਜਾਂ ਓ.ਟੀ.ਪੀ. ਸਬੰਧੀ ਜਾਣਕਾਰੀ ਸਾਂਝੀ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੰਜਾਬ ਪੁਲਿਸ ਨੂੰ ਦੇਣ।












Leave a Reply