BREAKING PUNJAB

Fastest Punjab & National News in Punjabi and Hindi

ਖੰਨਾ ਪੁਲਿਸ ਵੱਲੋਂ ਤੀਜਾ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ, ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ

Ssp Dr. Darpan Ahluwalia

ਖੰਨਾ: ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ, ਨਿਰਪੱਖ ਅਤੇ ਪਾਰਦਰਸ਼ੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਖੰਨਾ ਪੁਲਿਸ ਵੱਲੋਂ ਏ.ਐਸ. ਕਾਲਜ ਵੂਮੈਨ, ਖੰਨਾ ਵਿਖੇ ਤੀਜਾ “ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ” ਆਯੋਜਿਤ ਕੀਤਾ ਗਿਆ। ਕੈਂਪ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ. ਦਰਪਣ ਆਹਲੂਵਾਲੀਆ ਨੇ ਕੀਤੀ। ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਸਮੂਹ ਗਜ਼ਟਿਡ ਅਧਿਕਾਰੀ, ਸੁਪਰਵਾਇਜ਼ਰੀ ਅਧਿਕਾਰੀ, ਐਸ.ਐਚ.ਓ., ਚੌਂਕੀ ਇੰਚਾਰਜ ਅਤੇ ਤਫ਼ਤੀਸ਼ੀ ਅਫ਼ਸਰ ਵੀ ਹਾਜ਼ਰ ਰਹੇ।ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ। ਕਈ ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ, ਜਦਕਿ ਬਾਕੀ ਸ਼ਿਕਾਇਤਾਂ ਦੀ ਸਮਾਂਬੱਧ ਜਾਂਚ ਕਰਕੇ ਜਲਦ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਹਰ ਸ਼ਿਕਾਇਤ ਦੀ ਜਾਂਚ ਪੂਰੀ ਨਿਰਪੱਖਤਾ, ਪਾਰਦਰਸ਼ਤਾ ਅਤੇ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਕਿਸੇ ਵੀ ਸ਼ਿਕਾਇਤਕਰਤਾ ਨੂੰ ਬਿਨਾਂ ਵਜ੍ਹਾ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ ਅਤੇ ਹਰ ਮਾਮਲੇ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪਾਂ ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨਾ ਹੈ, ਤਾਂ ਜੋ ਲੋਕਾਂ ਨੂੰ ਇੱਕੋ ਮੰਚ ‘ਤੇ ਆਪਣੀ ਗੱਲ ਰੱਖਣ ਅਤੇ ਉਸ ਦਾ ਹੱਲ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਅਨੁਸਾਰ ਦੋਵੇਂ ਧਿਰਾਂ ਦੀ ਮੌਜੂਦਗੀ ਵਿੱਚ ਸੁਣਵਾਈ ਹੋਣ ਨਾਲ ਫ਼ੈਸਲਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਦੀ ਹੈ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਵੀ ਤੇਜ਼ੀ ਆਉਂਦੀ ਹੈ।ਐਸ.ਐਸ.ਪੀ. ਨੇ ਕਿਹਾ ਕਿ ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮਾਧਾਨ ਕੈਂਪਾਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਇਹ ਉਪਰਾਲਾ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ ਅਤੇ ਇਸ ਨਾਲ ਪੁਲਿਸ ਪ੍ਰਤੀ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਹੋਇਆ ਹੈ।ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਨਿਰੰਤਰ ਲਗਾਏ ਜਾਣਗੇ, ਤਾਂ ਜੋ ਹਰ ਨਾਗਰਿਕ ਨੂੰ ਆਪਣੇ ਨੇੜੇ ਹੀ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਨਿਰਪੱਖ ਪੁਲਿਸ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।

Leave a Reply

Your email address will not be published. Required fields are marked *