ਚੰਡੀਗੜ੍ਹ/ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਮਲੌਦ ਦਫ਼ਤਰ ਵਿੱਚ ਤਾਇਨਾਤ ਪਟਵਾਰੀ ਗੁਰਜੀਤ ਸਿੰਘ ਨੂੰ 3500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਇਹ ਕਾਰਵਾਈ ਪਿੰਡ ਧੌਲ ਖੁਰਦ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਮਾਪਿਆਂ ਦੀ ਸਾਲ 2016 ਵਿੱਚ ਮੌਤ ਹੋ ਚੁੱਕੀ ਹੈ ਅਤੇ ਉਸਦੀ ਮਾਤਾ ਦੇ ਨਾਮ ’ਤੇ ਪਿੰਡ ਵਿੱਚ 3 ਬਿਸਵੇ ਦਾ ਪਲਾਟ ਦਰਜ ਸੀ, ਜਿਸ ਦਾ ਵਿਰਾਸਤੀ ਇੰਤਕਾਲ ਉਸ ਅਤੇ ਉਸਦੇ ਛੇ ਭੈਣ-ਭਰਾਵਾਂ ਦੇ ਨਾਮ ਹੋਣਾ ਸੀ।
ਸ਼ਿਕਾਇਤਕਰਤਾ ਨੇ ਇੰਤਕਾਲ ਲਈ ਲੋੜੀਂਦੇ ਦਸਤਾਵੇਜ਼ ਪਟਵਾਰੀ ਗੁਰਜੀਤ ਸਿੰਘ ਨੂੰ ਸੌਂਪ ਦਿੱਤੇ ਸਨ। ਦੋਸ਼ ਹੈ ਕਿ ਪਟਵਾਰੀ ਨੇ ਇੰਤਕਾਲ ਦਰਜ ਕਰਨ ਦੇ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿੱਚ ਦੋਵਾਂ ਵਿਚਾਲੇ 3500 ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਦੀ ਰਿਕਾਰਡਿੰਗ ਵੀ ਕੀਤੀ ਸੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਪਟਵਾਰੀ ਨੂੰ 3500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਬਿਊਰੋ ਨੇ ਦੋਸ਼ੀ ਖ਼ਿਲਾਫ਼ ਥਾਣਾ ਵਿਜੀਲੈਂਸ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।












Leave a Reply