BREAKING PUNJAB

Fastest Punjab & National News in Punjabi and Hindi

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਭੇਟ ਕੀਤੀ ਸ਼ਰਧਾਂਜਲੀ

Speaker vidhansbha in Payal

ਪਾਇਲ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਪਿੰਡ ਰੱਬੋਂ ਉੱਚੀ ਵਿਖੇ ਮਹਾਨ ਸਿੱਖ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ, ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ, ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਅਤੇ ਮਹਾਨ ਦੇਸ਼ ਭਗਤ ਸਨ। ਉਨ੍ਹਾਂ ਕਿਹਾ ਕਿ ਪਹਿਲੀ ਸਿੱਖ-ਅੰਗਰੇਜ਼ ਜੰਗ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਨੇ ਪੰਜਾਬ ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕਬਜ਼ੇ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਯੋਜਨਾ ਦਾ ਪਤਾ ਲੱਗਣ ‘ਤੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਿੰਗਾਪੁਰ ਭੇਜ ਦਿੱਤਾ, ਜਿੱਥੇ ਕੈਦ ਦੌਰਾਨ 5 ਜੁਲਾਈ 1856 ਨੂੰ ਉਹ ਸ਼ਹੀਦ ਹੋ ਗਏ।

ਸਪੀਕਰ ਨੇ ਕਿਹਾ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਾਇਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਪਿੰਡ ਰੱਬੋਂ ਉੱਚੀ ਦੇ ਵਿਕਾਸ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।

ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੰਗਾਪੁਰ ਦੀ ਜੇਲ੍ਹ ਵਿੱਚ ਅਨੇਕਾਂ ਤੰਗੀਆਂ ਸਹਿਣ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ ਅਤੇ ਅੰਤਿਮ ਸਾਹ ਤੱਕ ਅੰਗਰੇਜ਼ ਹਕੂਮਤ ਅੱਗੇ ਝੁਕੇ ਨਹੀਂ। ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਰੱਬੋਂ ਉੱਚੀ ਵਿਖੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ।

ਸਮਾਗਮ ਦੇ ਅੰਤ ਵਿੱਚ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਸਨਮਾਨ ਕੀਤਾ।

ਇਸ ਮੌਕੇ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ, ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *