BREAKING PUNJAB

Fastest Punjab & National News in Punjabi and Hindi

ਖੰਨਾ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੂੰ ਮਿਲਿਆ ਪੰਜਾਬ ਸਰਕਾਰ ਦਾ ਸਟੇਟ ਅਵਾਰਡ

award to smo khanna dr maninder singh bhasin

ਚੰਡੀਗੜ੍ਹ/ਖੰਨਾ: ਖੰਨਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾ. ਮਨਿੰਦਰ ਸਿੰਘ ਭਸੀਨ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸਿਹਤ ਸੇਵਾਵਾਂ, ਕੁਸ਼ਲ ਪ੍ਰਸ਼ਾਸਨਿਕ ਯੋਗਤਾ ਅਤੇ ਮਰੀਜ਼ਾਂ ਪ੍ਰਤੀ ਸਮਰਪਿਤ ਕਾਰਜਸ਼ੈਲੀ ਲਈ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਡਾਕਟਰ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ।

ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਡਾ. ਭਸੀਨ ਨੂੰ ਸਟੇਟ ਅਵਾਰਡ ਅਤੇ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ (ਆਈਏਐਸ), ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੀ ਹਾਜ਼ਰ ਸਨ।

ਪਿਛਲੇ ਕਰੀਬ ਚਾਰ ਸਾਲਾਂ ਤੋਂ ਖੰਨਾ ਸਿਵਲ ਹਸਪਤਾਲ ਵਿੱਚ ਐਸਐਮਓ ਵਜੋਂ ਸੇਵਾਵਾਂ ਨਿਭਾ ਰਹੇ ਡਾ. ਮਨਿੰਦਰ ਸਿੰਘ ਭਸੀਨ ਨੇ ਆਪਣੇ ਪ੍ਰਭਾਵਸ਼ਾਲੀ ਪ੍ਰਬੰਧਨ ਨਾਲ ਹਸਪਤਾਲ ਦੀ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਇਲਾਜ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ਅਤੇ ਸਰਕਾਰੀ ਹਸਪਤਾਲ ਪ੍ਰਤੀ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਹੋਇਆ ਹੈ।

ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਡਾ. ਭਸੀਨ ਨੇ ਸਰਜਨ ਵਜੋਂ ਵੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਉਨ੍ਹਾਂ ਨੇ ਸੈਂਕੜਿਆਂ ਮਰੀਜ਼ਾਂ ਦੇ ਸਫਲ ਆਪਰੇਸ਼ਨ ਕੀਤੇ, ਜਿਨ੍ਹਾਂ ਵਿੱਚ ਪਿੱਤੇ ਦੀ ਪੱਥਰੀ ਦੇ 300 ਤੋਂ ਵੱਧ ਦੂਰਬੀਨ ਰਾਹੀਂ ਆਪਰੇਸ਼ਨ ਸ਼ਾਮਲ ਹਨ। ਇਸ ਨਾਲ ਮਰੀਜ਼ਾਂ ਨੂੰ ਕਰੋੜਾਂ ਰੁਪਏ ਦੇ ਮੁਫ਼ਤ ਇਲਾਜ ਦਾ ਲਾਭ ਮਿਲਿਆ।

ਡਾ. ਭਸੀਨ ਦੀ ਅਗਵਾਈ ਹੇਠ ਮਿਸ਼ਨ ਅੰਮ੍ਰਿਤ ਤਹਿਤ ਚੱਲ ਰਹੇ ਸਟੈਮੀ ਪ੍ਰੋਜੈਕਟ ਨੇ ਵੀ ਉਲੇਖਣਯੋਗ ਸਫਲਤਾ ਹਾਸਲ ਕੀਤੀ। ਪਿਛਲੇ ਤਿੰਨ ਸਾਲਾਂ ਵਿੱਚ 100 ਤੋਂ ਵੱਧ ਦਿਲ ਦੇ ਮਰੀਜ਼ਾਂ ਨੂੰ ਸਮੇਂ ਸਿਰ ਜੀਵਨ ਰੱਖਿਅਕ ਟੀਕੇ ਲਗਾ ਕੇ ਉਨ੍ਹਾਂ ਦੀ ਜਾਨ ਬਚਾਈ ਗਈ। ਇਸ ਪ੍ਰੋਜੈਕਟ ਵਿੱਚ ਖੰਨਾ ਸਿਵਲ ਹਸਪਤਾਲ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ ਕਾਇਆਕਲਪ ਮੁਹਿੰਮ ਤਹਿਤ ਖੰਨਾ ਸਿਵਲ ਹਸਪਤਾਲ ਨੇ ਪੰਜਾਬ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ। ਸਿਹਤ ਸੇਵਾਵਾਂ ਦੀ ਗੁਣਵੱਤਾ, ਸਫ਼ਾਈ ਅਤੇ ਲੋਕ-ਪੱਖੀ ਸੇਵਾਵਾਂ ਕਾਰਨ ਹਸਪਤਾਲ ਨੂੰ ਲਗਾਤਾਰ ਪ੍ਰਸ਼ੰਸਾ ਮਿਲਦੀ ਰਹੀ ਹੈ।

ਸਮਾਗਮ ਦੌਰਾਨ ਜਦੋਂ ਡਾ. ਮਨਿੰਦਰ ਸਿੰਘ ਭਸੀਨ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਿਹਤ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੀ ਸਮਰਪਿਤ ਕਾਰਜਸ਼ੈਲੀ ਅਤੇ ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲ ਰਵੱਈਏ ਦੀ ਭਰਪੂਰ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਡਾ. ਮਨਿੰਦਰ ਸਿੰਘ ਭਸੀਨ ਨੂੰ ਇਸ ਤੋਂ ਪਹਿਲਾਂ ਵੀ ਸਬ-ਡਵੀਜ਼ਨ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਕਈ ਸਨਮਾਨ ਮਿਲ ਚੁੱਕੇ ਹਨ। ਸਾਲ 2016 ਵਿੱਚ ਉਨ੍ਹਾਂ ਨੂੰ ਆਈਐਮਏ ਪੰਜਾਬ ਵੱਲੋਂ ‘ਡਾਕਟਰ ਆਫ ਦਿ ਈਅਰ’ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ।

ਡਾ. ਮਨਿੰਦਰ ਸਿੰਘ ਭਸੀਨ ਨੂੰ ਮਿਲਿਆ ਇਹ ਸਟੇਟ ਅਵਾਰਡ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਹੈ, ਸਗੋਂ ਖੰਨਾ ਸਿਵਲ ਹਸਪਤਾਲ, ਸਿਹਤ ਵਿਭਾਗ ਅਤੇ ਸਮੂਹ ਖੰਨਾ ਸ਼ਹਿਰ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *