ਖੰਨਾ: ਖੰਨਾ ਵਿੱਚ ਜਾਅਲੀ ਐਨ.ਓ.ਸੀਜ਼ ਦੇ ਆਧਾਰ ‘ਤੇ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਸਵਾਤੀ ਟਿਵਾਣਾ ਨੇ ਦੱਸਿਆ ਕਿ ਪੜਤਾਲ ਦੌਰਾਨ 35 ਵਸੀਕੇ ਜਾਅਲੀ ਐਨ.ਓ.ਸੀਜ਼ ਲਗਾ ਕੇ ਤਸਦੀਕ ਕਰਵਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ ਵਿੱਚ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਉਪ ਪੁਲਿਸ ਕਪਤਾਨ (ਡੀ.ਐਸ.ਪੀ.) ਖੰਨਾ ਨੂੰ ਪੱਤਰ ਭੇਜ ਦਿੱਤਾ ਗਿਆ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਪਿੰਡ ਬਾਹੋਮਾਜਰਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਸਬ ਰਜਿਸਟਰਾਰ ਦਫ਼ਤਰ ਖੰਨਾ ਵਿੱਚ ਕੁਝ ਵਿਅਕਤੀਆਂ ਨੇ ਜਾਅਲੀ ਐਨ.ਓ.ਸੀਜ਼ ਦੇ ਆਧਾਰ ‘ਤੇ ਵਸੀਕੇ ਤਸਦੀਕ ਕਰਵਾਏ ਹਨ। ਇਸ ਸ਼ਿਕਾਇਤ ਦੀ ਜਾਂਚ ਤਹਿਸੀਲਦਾਰ ਖੰਨਾ ਤੋਂ ਕਰਵਾਈ ਗਈ, ਜਿਸ ਵਿੱਚ 35 ਜਾਅਲੀ ਐਨ.ਓ.ਸੀਜ਼ ਵਾਲੇ ਮਾਮਲੇ ਸਾਹਮਣੇ ਆਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 18 ਵਸੀਕੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ ‘ਤੇ ਕੀਤੇ ਗਏ ਹਨ, ਜਿਨ੍ਹਾਂ ਦੀ ਪੜਤਾਲ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਖੰਨਾ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਮਿਲਣ ਉਪਰੰਤ ਇਨ੍ਹਾਂ ਮਾਮਲਿਆਂ ਵਿੱਚ ਵੀ ਕਾਨੂੰਨ ਅਨੁਸਾਰ ਕਾਰਵਾਈ ਲਈ ਪੁਲਿਸ ਨੂੰ ਭੇਜਿਆ ਜਾਵੇਗਾ।
ਸਵਾਤੀ ਟਿਵਾਣਾ ਨੇ ਕਿਹਾ ਕਿ ਹੋਰ ਰਜਿਸਟਰੀਆਂ ਦੀ ਵੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਾਪਰਟੀ ਦੀ ਖਰੀਦ ਤੋਂ ਪਹਿਲਾਂ ਉਸ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਐਨ.ਓ.ਸੀਜ਼ ਦੀ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਨਾ ਹੋਣਾ ਪਵੇ।
ਐਸ.ਡੀ.ਐਮ. ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।












Leave a Reply