7 ਮਿੰਟ 31 ਸਕਿੰਟ ਵਿੱਚ ਪਹੁੰਚ ਰਹੀ ਮੌਕੇ ‘ਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਨੂੰ ਵੀ ਛੱਡਿਆ ਪਿੱਛੇ
ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਸੂਬੇ ਦੇ 28 ਪੁਲਿਸ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਵਿੱਚ ਖੰਨਾ ਪੁਲਿਸ ਸਭ ਤੋਂ ਤੇਜ਼ ਰਿਸਪਾਂਸ ਦੇਣ ਵਾਲੀ ਪੁਲਿਸ ਵਜੋਂ ਸਾਹਮਣੇ ਆਈ ਹੈ। ਐਮਰਜੈਂਸੀ ਰਿਸਪਾਂਸ ਵਹੀਕਲ (ERV) ਪ੍ਰੋਜੈਕਟ ਅਧੀਨ ਜਾਰੀ ਸੂਬਾ ਪੱਧਰੀ ਰਿਪੋਰਟ ਵਿੱਚ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਦਾ ਔਸਤ ਰਿਸਪਾਂਸ ਟਾਈਮ ਦਰਜ ਕਰਕੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਉਪਲਬਧੀ ਨਾਲ ਖੰਨਾ ਪੁਲਿਸ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਕਮਿਸ਼ਨਰੇਟ ਖੇਤਰਾਂ ਦੀ ਪੁਲਿਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ ਖੰਨਾ ਜ਼ਿਲ੍ਹੇ ਵਿੱਚ ਆਉਣ ਵਾਲੀ ਹਰ ਐਮਰਜੈਂਸੀ ਕਾਲ ‘ਤੇ ਪੁਲਿਸ ਟੀਮ ਬਹੁਤ ਘੱਟ ਸਮੇਂ ਵਿੱਚ ਮੌਕੇ ‘ਤੇ ਪਹੁੰਚ ਰਹੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਕਾਰਜਸ਼ੈਲੀ ਬਣੀ ਸਫਲਤਾ ਦੀ ਕੁੰਜੀ
ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ (ਆਈਪੀਐੱਸ) ਦੀ ਪ੍ਰਭਾਵਸ਼ਾਲੀ ਕਾਰਜਸ਼ੈਲੀ, ਲਗਾਤਾਰ ਮਾਨੀਟਰਿੰਗ ਅਤੇ ਪੁਲਿਸ ਟੀਮ ਦੀ ਮਿਹਨਤ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਕਾਨੂੰਨ-ਵਿਵਸਥਾ, ਨਸ਼ਾ ਵਿਰੋਧੀ ਮੁਹਿੰਮ ਅਤੇ ਆਧੁਨਿਕ ਪੁਲਿਸਿੰਗ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਕੰਮ ਕੀਤਾ ਹੈ।
ਹੁਣ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਵੀ ਖੰਨਾ ਪੁਲਿਸ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ ERV ਪ੍ਰੋਜੈਕਟ
31 ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਪੁਲਿਸਿੰਗ ਨੂੰ ਹੋਰ ਆਧੁਨਿਕ ਅਤੇ ਤੇਜ਼ ਬਣਾਉਣ ਲਈ 508 ਨਵੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ERV) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਨ੍ਹਾਂ ਵਾਹਨਾਂ ਨੂੰ ਡਾਇਲ-112 ਸਿਸਟਮ ਨਾਲ ਜੋੜਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੁਲਿਸ ਤੁਰੰਤ ਲੋਕਾਂ ਤੱਕ ਪਹੁੰਚ ਸਕੇ।
10 ਮਈ ਦੀ ਰਿਪੋਰਟ ਵਿੱਚ ਖੰਨਾ ਸਭ ਤੋਂ ਅੱਗੇ
10 ਮਈ 2026 ਦੀ “ਈਵੈਂਟ ਰਿਸਪਾਂਸ ਟਾਈਮ ਸਮਰੀ ਰਿਪੋਰਟ” ਅਨੁਸਾਰ ਪੰਜਾਬ ਵਿੱਚ ਕੁੱਲ 1783 ਈਵੈਂਟ ਦਰਜ ਹੋਏ, ਜਿਨ੍ਹਾਂ ਵਿੱਚੋਂ 1726 ਘਟਨਾਵਾਂ ‘ਤੇ ਪੁਲਿਸ ਨੇ ਰਿਸਪਾਂਸ ਕੀਤਾ। ਪੂਰੇ ਸੂਬੇ ਦਾ ਔਸਤ ਰਿਸਪਾਂਸ ਟਾਈਮ 11 ਮਿੰਟ 22 ਸਕਿੰਟ ਰਿਹਾ, ਜਦਕਿ ਖੰਨਾ ਪੁਲਿਸ ਨੇ ਇਸਤੋਂ ਕਰੀਬ 4 ਮਿੰਟ ਘੱਟ ਸਮੇਂ ਵਿੱਚ ਰਿਸਪਾਂਸ ਦੇ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਵੱਡੇ ਸ਼ਹਿਰਾਂ ਦੀ ਪੁਲਿਸ ਵੀ ਰਹੀ ਪਿੱਛੇ
ਸੀਪੀ ਜਲੰਧਰ — 08 ਮਿੰਟ 11 ਸਕਿੰਟ
ਸੀਪੀ ਅੰਮ੍ਰਿਤਸਰ — 10 ਮਿੰਟ 31 ਸਕਿੰਟ
ਸੀਪੀ ਲੁਧਿਆਣਾ — 10 ਮਿੰਟ 36 ਸਕਿੰਟ
ਪਟਿਆਲਾ — 13 ਮਿੰਟ 44 ਸਕਿੰਟ
ਬਠਿੰਡਾ — 14 ਮਿੰਟ 29 ਸਕਿੰਟ
ਰੂਪਨਗਰ — 15 ਮਿੰਟ 44 ਸਕਿੰਟ
ਜਦਕਿ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਵਿੱਚ ਰਿਸਪਾਂਸ ਦੇ ਕੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
100 ਫੀਸਦੀ ਰਿਸਪਾਂਸ ਦੇ ਰਹੀ ਖੰਨਾ ਪੁਲਿਸ
ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿੱਚ ਕੁੱਲ 43 ਈਵੈਂਟ ਆਏ ਅਤੇ ਸਾਰੇ 43 ਈਵੈਂਟਾਂ ‘ਤੇ ਪੁਲਿਸ ਨੇ 100 ਫੀਸਦੀ ਰਿਸਪਾਂਸ ਦਿੱਤਾ। ਜ਼ਿਲ੍ਹੇ ਵਿੱਚ ERV ਅਧੀਨ 18 ਫੋਰ-ਵਹੀਲਰ ਵਾਹਨ ਤੈਨਾਤ ਹਨ।
ਆਧੁਨਿਕ ਤਕਨੀਕ ਨਾਲ ਮਜ਼ਬੂਤ ਹੋਇਆ ਪੁਲਿਸ ਸਿਸਟਮ
ERV ਵਾਹਨਾਂ ਵਿੱਚ MDT (ਮੋਬਾਈਲ ਡਾਟਾ ਟਰਮੀਨਲ) ਅਤੇ ਸਮਾਰਟ ਫੋਨ ਸਿਸਟਮ ਲਗਾਏ ਗਏ ਹਨ। ਕੰਟਰੋਲ ਰੂਮ ਤੋਂ ਸਿੱਧੀ ਵਾਹਨ ਤੱਕ ਸੂਚਨਾ ਪਹੁੰਚਦੀ ਹੈ, ਜਿਸ ਨਾਲ ਪੁਲਿਸ ਟੀਮ ਬਿਨਾਂ ਸਮਾਂ ਗਵਾਏ ਮੌਕੇ ਲਈ ਰਵਾਨਾ ਹੋ ਜਾਂਦੀ ਹੈ।
ਸੂਬੇ ਭਰ ਵਿੱਚ ਕੁੱਲ 1152 ERV ਵਾਹਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 199 ਟੂ-ਵੀਲਰ ਅਤੇ 953 ਫੋਰ-ਵੀਲਰ ਸ਼ਾਮਲ ਹਨ। ਪੁਲਿਸ ਕਰਮਚਾਰੀਆਂ ਨੂੰ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ।
ਲੋਕਾਂ ਵਿੱਚ ਵਧਿਆ ਸੁਰੱਖਿਆ ਦਾ ਭਰੋਸਾ
ਖੰਨਾ ਪੁਲਿਸ ਦੀ ਤੇਜ਼ ਕਾਰਵਾਈ ਨਾਲ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਸੜਕ ਹਾਦਸਾ, ਝਗੜਾ, ਚੋਰੀ, ਮਹਿਲਾ ਸੁਰੱਖਿਆ ਜਾਂ ਕਿਸੇ ਹੋਰ ਐਮਰਜੈਂਸੀ ਹਾਲਤ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲੋਕਾਂ ਦਾ ਭਰੋਸਾ ਵਧਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਵੀ ਰਿਸਪਾਂਸ ਟਾਈਮ ਨੂੰ ਹੋਰ ਘੱਟ ਕਰਨ ਲਈ ਯਤਨ ਜਾਰੀ ਰਹਿਣਗੇ ਅਤੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਲਗਾਤਾਰ ਕੰਟਰੋਲ ਰੂਮ ਅਤੇ ਫੀਲਡ ਸਿਸਟਮ ਦੀ ਮਾਨੀਟਰਿੰਗ ਕਰ ਰਹੇ ਹਨ।












Leave a Reply