https://youtu.be/L8PbjScKbhc?si=L815NBMaVcoka3UD
ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਚਲ ਰਹੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪਾਇਲ ਦੀ ਦਾਣਾ ਮੰਡੀ ਵਿੱਚ ਇਕ ਆੜ੍ਹਤੀ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 4 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਕਾਰਵਾਈ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਕੀਤੀ ਗਈ, ਜਿਨ੍ਹਾਂ ਦੀ ਲੀਡਰਸ਼ਿਪ ਵਿੱਚ ਪੁਲਿਸ ਵੱਲੋਂ ਅਪਰਾਧੀਆਂ ਖ਼ਿਲਾਫ਼ ਲਗਾਤਾਰ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ (ਡੀ) ਪਵਨਜੀਤ ਸਿੰਘ ਅਤੇ ਡੀਐਸਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੀ ਰਹਿਨੁਮਾਈ ਵਿੱਚ ਸੀ.ਆਈ.ਏ ਸਟਾਫ, ਥਾਣਾ ਪਾਇਲ, ਦੋਰਾਹਾ ਅਤੇ ਨਾਰਕੋਟਿਕ ਸੈੱਲ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕੀਤੀ।
ਐਸਐਸਪੀ ਨੇ ਦੱਸਿਆ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਪਾਰੀ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਖਾਸ ਟੀਮਾਂ ਬਣਾਈਆਂ ਅਤੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ।
ਤਫਤੀਸ਼ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਨੌਜਵਾਨ ਓਮੇਸ਼ ਕੁਮਾਰ ਉਰਫ਼ ਛਾਗਾ ਨੂੰ ਕਾਬੂ ਕੀਤਾ, ਜਿਸ ਨੇ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀ ਗੌਰਵ ਉਰਫ਼ ਗੋਲਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੇ ਆਧਾਰ ‘ਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਦੇ ਮੁੱਖ ਮਾਸਟਰਮਾਈਂਡ ਸ਼ਗਨਪ੍ਰੀਤ ਸਿੰਘ ਅਤੇ ਉਸਦਾ ਭਰਾ ਜਗਪ੍ਰੀਤ ਸਿੰਘ ਹਨ, ਜੋ ਆਸਟ੍ਰੇਲੀਆ ਵਿੱਚ ਬੈਠ ਕੇ ਗਿਰੋਹ ਨੂੰ ਚਲਾ ਰਹੇ ਸਨ। ਇਹ ਗਿਰੋਹ ਗੈਂਗਸਟਰ ਡੋਨੀ ਬੱਲ ਨਾਲ ਮਿਲ ਕੇ ਫਿਰੌਤੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।
ਪੁਲਿਸ ਮੁਤਾਬਕ ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਪੂਰੀ ਰੇਕੀ ਕੀਤੀ ਅਤੇ ਯੋਜਨਾਬੱਧ ਢੰਗ ਨਾਲ ਫਾਇਰਿੰਗ ਕੀਤੀ। ਇਸ ਵਿੱਚ ਗੁਰਵਿੰਦਰ ਸਿੰਘ ਉਰਫ਼ ਗੋਲਡੀ ਅਤੇ ਗੌਰਵ ਉਰਫ਼ ਗੋਲਾ ਦੀ ਵੀ ਭੂਮਿਕਾ ਸਾਹਮਣੇ ਆਈ ਹੈ।
ਇਸ ਮਾਮਲੇ ਵਿੱਚ ਪਹਿਲਾਂ ਹੀ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਹੁਣ 4 ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਣ ਵਾਲੀ ਨਹੀਂ ਹੈ ਅਤੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਧਮਕੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।












Leave a Reply