BREAKING PUNJAB

Fastest Punjab & National News in Punjabi and Hindi

ਯੂਰੀਆ ਅਤੇ ਡੀਏਪੀ ਖਾਦ ਦੀ ਵੰਡ ਪਾਰਦਰਸ਼ੀ ਢੰਗ ਨਾਲ ਹੋਵੇ: ਡਾ. ਜੰਗੀਰ ਸਿੰਘ ਗਿੱਲ

Director agriculture in Fatehgarh Sahib

ਫ਼ਤਹਿਗੜ੍ਹ ਸਾਹਿਬ: ਸੰਯੁਕਤ ਡਾਇਰੈਕਟਰ, ਪੰਜਾਬ-ਕਮ-ਜ਼ਿਲ੍ਹਾ ਇੰਚਾਰਜ ਡਾ. ਜੰਗੀਰ ਸਿੰਘ ਗਿੱਲ ਨੇ ਕਿਹਾ ਕਿ ਯੂਰੀਆ ਅਤੇ ਡੀਏਪੀ ਖਾਦ ਦੀ ਵੰਡ ਕਿਸਾਨਾਂ ਵਿੱਚ ਬਰਾਬਰੀ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਯੂਰੀਆ ਜਾਂ ਹੋਰ ਸਬਸਿਡੀ ਵਾਲੀਆਂ ਖਾਦਾਂ ਨਾਲ ਕਿਸੇ ਵੀ ਕਿਸਾਨ ਨੂੰ ਹੋਰ ਉਤਪਾਦ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ।

ਡਾ. ਗਿੱਲ ਨੇ ਬਲਾਕ ਅਮਲੋਹ ਅਤੇ ਖੇੜਾ ਵਿੱਚ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਵਿਸ਼ੇਸ਼ ਚੈਕਿੰਗ ਦੌਰਾਨ ਇਹ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਖਾਦ ਦੇ ਪੰਜ ਅਤੇ ਕੀਟਨਾਸ਼ਕਾਂ ਦੇ ਦੋ ਨਮੂਨੇ ਗੁਣਵੱਤਾ ਜਾਂਚ ਲਈ ਭਰੇ ਗਏ। ਨਾਲ ਹੀ ਯੂਰੀਆ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਸਬੰਧੀ ਵੀ ਵਿਸ਼ੇਸ਼ ਜਾਂਚ ਕੀਤੀ ਗਈ।

ਚੈਕਿੰਗ ਦੌਰਾਨ ਸਾਰੇ ਡੀਲਰਾਂ ਕੋਲ ਵੈਧ ਲਾਇਸੰਸ ਮੌਜੂਦ ਪਾਏ ਗਏ। ਡੀਲਰਾਂ ਵੱਲੋਂ ਖਾਦਾਂ ਦੇ ਸਟਾਕ ਬੋਰਡ ਵੀ ਲਗਾਏ ਗਏ ਸਨ ਅਤੇ ਦੁਕਾਨਾਂ ਅਤੇ ਗੁਦਾਮਾਂ ਵਿੱਚ ਮੌਜੂਦ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਦਾ ਵੇਰਵਾ ਲਾਇਸੰਸ ਅਨੁਸਾਰ ਦਰਜ ਸੀ।

ਡਾ. ਜੰਗੀਰ ਸਿੰਘ ਗਿੱਲ ਨੇ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਖਾਦਾਂ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ, ਸਬਸਿਡੀ ਵਾਲੀਆਂ ਖਾਦਾਂ ਦੀ ਗੈਰ-ਕਾਨੂੰਨੀ ਡਾਇਵਰਸ਼ਨ ਜਾਂ ਟੈਗਿੰਗ ਸਬੰਧੀ ਕੋਈ ਵੀ ਸ਼ਿਕਾਇਤ ਮਿਲਣ ‘ਤੇ ਫਰਟੀਲਾਈਜ਼ਰ (ਕੰਟਰੋਲ) ਆਰਡਰ, 1985 ਅਤੇ ਜ਼ਰੂਰੀ ਵਸਤੂਆਂ ਐਕਟ, 1955 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਡਾ. ਜੰਗੀਰ ਸਿੰਘ ਗਿੱਲ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਡਾ. ਵਿਵੇਕ (ਖੇਤੀਬਾੜੀ ਵਿਕਾਸ ਅਫ਼ਸਰ, ਇਨਪੁੱਟਸ), ਡਾ. ਦਮਨ ਝਾਂਜੀ (ਖੇਤੀਬਾੜੀ ਵਿਕਾਸ ਅਫ਼ਸਰ), ਡਾ. ਰਵਿੰਦਰ ਕੌਰ (ਖੇਤੀਬਾੜੀ ਵਿਕਾਸ ਅਫ਼ਸਰ, ਖੇੜਾ), ਡਾ. ਸਤਵਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ, ਅਮਲੋਹ) ਅਤੇ ਸ੍ਰੀ ਮੁਨੀਸ਼ ਕੁਮਾਰ (ਖੇਤੀਬਾੜੀ ਉਪ ਨਿਰੀਖਕ, ਅਮਲੋਹ) ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *