BREAKING PUNJAB

Fastest Punjab & National News in Punjabi and Hindi

ਫਤਹਿਗੜ੍ਹ ਸਾਹਿਬ ‘ਚ ਵੋਟਰ ਸੂਚੀ ਰਿਵੀਜ਼ਨ ਮੁਹਿੰਮ ਨੂੰ ਭਰਵਾਂ ਹੁੰਗਾਰਾ, 100 ਫ਼ੀਸਦੀ ਗਣਨਾ ਫਾਰਮਾਂ ਦੀ ਵੰਡ ਮੁਕੰਮਲ

Vote revision form in Fatehgarh Sahib

ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਗਣਨਾ ਫਾਰਮਾਂ ਦੀ 100 ਫ਼ੀਸਦੀ ਵੰਡ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 544 ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਪੂਰੀ ਤਨਦੇਹੀ ਨਾਲ ਘਰ-ਘਰ ਜਾ ਕੇ ਯੋਗ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਸਹੀ, ਪਾਰਦਰਸ਼ੀ ਅਤੇ ਅੱਪਡੇਟ ਰੱਖਣਾ ਅਤੇ ਹਰ ਯੋਗ ਨਾਗਰਿਕ ਦੀ ਵੋਟ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵਿਧਾਨ ਸਭਾ ਹਲਕਾ ਅਮਲੋਹ ਦੇ ਬੂਥ ਨੰਬਰ 74 ਦੀ 106 ਸਾਲਾ ਸ੍ਰੀਮਤੀ ਮੱਕੋ ਨੇ ਆਪਣਾ ਇਨੂਮੀਰੇਸ਼ਨ ਫਾਰਮ ਭਰਿਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਬੂਥ ਨੰਬਰ 50 ਦੀ 96 ਸਾਲਾ ਸ੍ਰੀਮਤੀ ਸੁਰਜੀਤ ਕੌਰ ਅਤੇ 91 ਸਾਲਾ ਸ੍ਰੀਮਤੀ ਬਚਨ ਕੌਰ ਨੇ ਵੀ ਪੂਰੇ ਉਤਸ਼ਾਹ ਨਾਲ ਆਪਣੇ ਫਾਰਮ ਭਰੇ, ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਵੋਟਰ ਸੂਚੀ ਨੂੰ ਸਹੀ ਅਤੇ ਅੱਪਡੇਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਵਿੱਚ ਹਰ ਵੋਟਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *