BREAKING PUNJAB

Fastest Punjab & National News in Punjabi and Hindi

ਐਸ.ਆਈ.ਆਰ. 2026: ਫਤਹਿਗੜ੍ਹ ਸਾਹਿਬ ਦੇ 63 ਫੀਸਦੀ ਵੋਟਰਾਂ ਤੱਕ ਪਹੁੰਚੇ ਇਨੁਮੀਰੇਸ਼ਨ ਫਾਰਮ, 56 ਬੀਐਲਓਜ਼ ਨੇ ਕੰਮ ਕੀਤਾ ਮੁਕੰਮਲ

Blo on sir duty

ਫਤਹਿਗੜ੍ਹ ਸਾਹਿਬ: ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਜ਼ਿਲ੍ਹੇ ਦੇ 544 ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਵੱਲੋਂ ਘਰ-ਘਰ ਜਾ ਕੇ ਵੋਟਰਾਂ ਨੂੰ ਇਨੁਮੀਰੇਸ਼ਨ ਫਾਰਮ ਵੰਡੇ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੂਨ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਹੁਣ ਤੱਕ ਜ਼ਿਲ੍ਹੇ ਦੇ ਕੁੱਲ 4 ਲੱਖ 54 ਹਜ਼ਾਰ 908 ਵੋਟਰਾਂ ਵਿੱਚੋਂ 2 ਲੱਖ 85 ਹਜ਼ਾਰ 992 ਵੋਟਰਾਂ (ਕਰੀਬ 63 ਫੀਸਦੀ) ਨੂੰ ਇਨੁਮੀਰੇਸ਼ਨ ਫਾਰਮ ਵੰਡੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਵੋਟਰਾਂ ਤੱਕ ਵੀ ਅਗਲੇ ਦੋ ਦਿਨਾਂ ਵਿੱਚ ਫਾਰਮ ਪਹੁੰਚਾਉਣ ਲਈ ਬੀਐਲਓਜ਼ ਵੱਲੋਂ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 27 ਜੂਨ ਤੱਕ ਕਰੀਬ 56 ਬੀਐਲਓਜ਼ ਆਪਣੇ-ਆਪਣੇ ਖੇਤਰਾਂ ਵਿੱਚ ਇਨੁਮੀਰੇਸ਼ਨ ਫਾਰਮਾਂ ਦੀ ਵੰਡ ਦਾ ਕੰਮ 100 ਫੀਸਦੀ ਮੁਕੰਮਲ ਕਰ ਚੁੱਕੇ ਹਨ।

ਡਾ. ਸੋਨਾ ਥਿੰਦ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ, ਕਿਸੇ ਯੋਗ ਵੋਟਰ ਦੀ ਵੋਟ ਨਾ ਕੱਟੀ ਜਾਵੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਸਹੀ ਜਾਣਕਾਰੀ ਲਈ ਚੋਣ ਵਿਭਾਗ ਨਾਲ ਸੰਪਰਕ ਕਰਨ।

Leave a Reply

Your email address will not be published. Required fields are marked *